Friday, 20 January 2012

ਨਿੰਦਰ ਘੁਗਿਆਣਵੀ

 ਸੁਰਗਾਂ ਨੂੰ ਜਾਣ ਹੱਡੀਆਂ....
ਲੰਡਨ ਵਾਲਾ ਚਾਚਾ ਘੁੱਦਾ ਵੀ ਬੜਾ ਕਮਾਲ ਦਾ ਬੰਦਾ ਸੀ। ਕਦੇ-ਕਦੇ ਬਹੁਤ ਚੇਤੇ ਆਉਂਦਾ ਹੈ। ਕਿਹਾ ਕਰਦਾ ਸੀ, ''ਜੇ ਤੂੰ ਮੇਰਾ ਨਾਵਲ ਨਾ ਲਿਖਿਆ ਤਾਂ ਮੇਰੇ ਬਾਰੇ ਤੇ ਆਪਣੀ ਚਾਚੀ ਬਾਰੇ ਇੱਕ ਸਟੋਰੀ ਜ਼ਰੂਰ ਲਿਖਦੀਂ...।"
ਸੋ, ਚਾਚੇ ਬਾਰੇ ਸਟੋਰੀ ਤਾਂ ਲਿਖ ਨਹੀਂ ਹੋਣੀ, ਉਸਦੀਆਂ ਕੁਝ ਯਾਦਾਂ ਹੈਗੀਆਂ ਨੇ...ਉਹੀ ਪਾਠਕਾਂ ਦੇ ਸਨਮੁਖ ਨੇ! ''ਕਿਸੇ ਦੇ ਕੀ ਢਿੱਡ ਪੀੜ ਹੁੰਦੀ ਆ...ਜੇ ਹੁੰਦੀ ਆ ਤਾਂ ਹੋਈ ਜਾਵੇ...ਮੈਂ ਤਾਂ ਸਭ ਨੂੰ ਕਹਿੰਨਾ ਆਂ ਕਿ ਮੀਤੋ ਮੇਰੀ ਗਰਲ-ਫਰੈਂਡ ਆ...ਮੇਰੀ ਗਰਲ-ਫਰੈਂਡ ਆ ਮੀਤੋ...ਮੈਂ ਤਾਂ ਸਭ ਦੇ ਸਾਹਮਣੇ ਰੱਖੀ ਆ...ਕਿਸੇ ਸਾਲੇ: ਨੂੰ ਕੀ ਤਕਲੀਫ਼ ਆ...ਜੇ ਤਕਲੀਫ਼ ਆ ਤਾਂ ਹੋਈ ਜਾਵੇ...ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨ੍ਹੀ...ਸਭ ਨੂੰ ਪਤੈ ਘੁੱਦੇ ਦੀ ਗਰਲ-ਫਰੈਂਡ ਬਾਰੇ...ਕੇਹਨੂੰ ਨ੍ਹੀ ਪਤਾ? ਮੇਰੇ ਧੀਆਂ-ਪੁੱਤਾਂ...ਦੋਹਤਿਆਂ-ਪੋਤਿਆਂ ਸਭ ਨੂੰ...ਐਥੇ ਲੰਡਨ ਵਿੱਚ ਵੀ ਤੇ ਇੰਡੀਆ ਵੀ ਸਾਰੇ ਪਿੰਡ ਨੂੰ ਪਤਾ...ਬੜੇ ਸਾਲਾਂ ਦੀ ਗੱਲ ਆ...ਇੱਕ ਦਿਨ ਮੇਰਾ ਵੱਡਾ ਮੁੰਡਾ ਤੇ ਮੈਂ ਕਿਸੇ ਪਾਰਟੀ 'ਤੇ 'ਕੱਠੇ ਹੋਏ ਆਂ...ਗਲਾਸੀਆਂ ਮਾਰੀਆਂ...ਓਦਣ ਮੁੰਡਾ ਕੁਝ ਜ਼ਿਆਦਾ ਈ ਖੁਸ਼ ਸੀ...ਮੈਨੂੰ ਪਰ੍ਹਾਂ ਲਿਜਾ ਕੇ ਕਹਿੰਦਾ...ਡੈਡ ਡੌਂਟ ਵਰੀ...ਤੁਹਾਡੀ ਪਰਸਨਲ ਲਾਈਫ਼ ਆ...ਮੈਨੂੰ ਪਤਾ ਤੁਹਾਡੀ ਗਰਲ-ਫਰੈਂਡ ਆ...ਤੁਸੀਂ ਮੇਰੇ ਤੋਂ ਸ਼ਰਮ ਖਾਂਦੇ ਰਹੇ ਓ...ਮੈਂ ਫੀਲ ਕਰਦਾ ਸੀ ਕਿ ਡੈਡ ਨੇ ਮੇਰੇ ਤੋਂ ਲੁਕੋ ਰੱਖਿਆ...ਡੈਡ...ਏਥੇ ਧੀਆਂ-ਪੁੱਤ ਵੀ ਤਾਂ ਮਾਪਿਆਂ ਤੋਂ ਲੁਕੋ ਨਹੀਂ ਰੱਖਦੇ...ਆਪਣੇ-ਆਪਣੇ ਫਰੈਂਡਾਂ ਬਾਰੇ ਦੱਸ ਈ ਦਿੰਦੇ ਆ...।"
ਘੁੱਦਾ ਚਾਚਾ ਅੱਜ ਬਹੁਤਾ ਈ ਖੁੱਲ੍ਹ ਗਿਆ ਸੀ। ਉਹਦੇ ਅੰਦਰ ਜਿਵੇਂ ਗੰਢਾਂ ਈ ਬੱਝੀਆਂ ਪਈਆਂ ਸਨ। ਕੀਹਦੇ ਕੋਲ ਕਰੇ ਉਹ ਗੱਲਾਂ? ਵਕਤ ਹੀ ਕਿਸ ਕੋਲ ਹੈ ਵਲੈਤ ਵਿੱਚ, ਕਿਸੇ ਦੀਆਂ ਸੁਣਨ ਲਈ। ਸੱਚੀਓਂ ਈ, ਏਥੇ ਹਰ ਕੋਈ ਢਿੱਡ ਨੂੰ ਗੰਢਾਂ ਦੇਈ ਫਿਰਦੈ! ਹਰ ਕੋਈ ਗਲ-ਗਲ ਤੀਕ ਭਰਿਆ ਪਿਆ ਹੈ। ਮੈਨੂੰ ਵਲੈਤ ਵਿੱਚ ਬਹੁਤ ਸਾਰੇ ਅਜਿਹੇ ਬੰਦੇ ਮਿਲੇ, ਜਦ ਉਹ ਉਧੜਦੇ ਨੇ ਤਾਂ ਉਧੜਦੇ ਹੀ ਜਾਂਦੇ ਨੇ। ਗੱਲਾਂ ਕਰਦਿਆਂ-ਕਰਦਿਆਂ ਉਹਨਾਂ ਦੇ ਮੂੰਹੋਂ ਝੱਗ ਡਿੱਗਣ ਲੱਗਦੀ ਹੈ...ਪਤਾ ਨਹੀਂ ਕਿਉਂ...? ਜਾਂ ਫਿਰ ਵਲੈਤ ਦੀ ਆਬੋ-ਹਵਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਬਹੁਤੇ ਬੰਦਿਆਂ ਦੇ ਬੁੱਲ੍ਹ ਗੱਲ ਕਰਨ ਸਮੇਂ ਝੱਗ ਛਡਦੇ ਹਨ।
ਮੈਂ ਦੇਖਿਆ, ਜਦੋਂ ਚਾਚਾ ਦਿਨੇਂ ਗੱਲਾਂ ਕਰਦੈ...ਉਦੋਂ ਉਹਦੇ ਬੁੱਲ੍ਹ ਝੱਗ ਸੁਟਦੇ ਹਨ। ਹੁਣ ਤਾਂ ਗਲਾਸੀ ਨੇ ਚਾਚੇ ਦੇ ਬੁੱਲ੍ਹਾਂ ਦੀ ਝੱਗ ਸੂਤ ਲਈ ਸੀ। ਚਾਚਾ ਸਰੂਰਿਆ ਗਿਆ ਸੀ।
ਮੇਰੇ ਕੋਲੋਂ ਉਹਨੇ ਕੁਝ ਨਹੀਂ ਲੁਕੋਇਆ। ਸਗੋਂ ਮੈਂ ਤਾਂ ਉਹਦੇ ਸਾਰੇ ਧੀਆਂ-ਪੁੱਤਾਂ ਤੋਂ ਵੀ ਬਹੁਤ ਛੋਟਾ ਹਾਂ। ਉਹਦੇ ਦੋਹਤੇ-ਪੋਤਿਆਂ ਦੀ ਉਮਰ ਦਾ।
ਚਾਚੇ ਦਾ ਨਿੱਕਾ ਨਾਂ ਘੁੱਦਾ ਹੈ। ਜਵਾਨੀ ਵੇਲੇ ਚਾਚਾ ਜਦ ਕਬੱਡੀ ਖੇਡਦਾ ਹੁੰਦਾ ਸੀ ਤਾਂ ਕਬੱਡੀ ਦੇ ਮੈਦਾਨਾਂ ਵਿੱਚ 'ਘੁੱਦਾ-ਘੁੱਦਾ' ਹੁੰਦੀ ਸੀ... 'ਅਹੁ ਆ ਗਿਆ ਵਈ ਘੁੱਦਾ...ਅਹੁ ਆ ਗਿਆ ਘੁੱਦਾ...।'
ਘੁੱਦਾ ਆਪਣੇ ਵੇਲੇ ਨੂੰ ਝੂਰ ਰਿਹਾ ਸੀ...ਕਬੱਡੀ ਦੇ ਉਸ ਸੁਨਹਿਰੀ ਵੇਲੇ ਨੁੰ! ਗੱਲਾਂ ਕਰਦਾ-ਕਰਦਾ ...ਅਤੀਤ 'ਚ ਖੋਇਆ ਚਾਚੇ ਦਾ ਮਨ ਭਰ ਆਉਂਦਾ ਹੈ।
ਮੈਨੂੰ ਹਫ਼ਤਾ ਹੋ ਗਿਆ ਹੈ ਉਹਦੇ ਕੋਲ ਆਏ ਨੂੰ। ਪਰਸੋਂ ਨੂੰ ਮੈਂ ਚਲੇ ਜਾਣਾ ਹੈ ਉਹਦੇ ਘਰੋਂ। ਚਾਚਾ ਕਹਿੰਦਾ ਹੈ, ''ਤੂੰ ਮੇਰਾ ਨਾਵਲ ਲਿਖ ਦੇ...ਲਿਖਦਾ ਕਿਉਂ ਨ੍ਹੀ ਤੂੰ ਮੇਰਾ ਨਾਵਲ...? ਦੱਸ ਮੈਨੂੰ ...ਕਿਉਂ ਨ੍ਹੀ ਲਿਖਦਾ...ਮੇਰਾ ਨਾਵਲ...ਕੀ ਲਵੇਂਗਾ ਺ਿਲਖਣ ਦਾ ਤੂੰ? ਨਕਦੋ-ਨਕਦ ਹਿਸਾਬ...ਹੁਣੇ ਦੱਸ ਮੈਨੂੰ ...ਕਿੰਨੇ ਪੌਂਡ...? ਜਿੰਨੇ ਕਹੇਂਗਾ...ਓਨੇ ਦੇਊਂ...ਪਰ ਲਿਖ ਮੇਰਾ ਨਾਵਲ...ਹੁਣੇ ਦਿਆਂ ਮੈਂ ਤੈਨੂੰ...ਬੋਲ ਕਿੰਨੇ ਪੌਂਡ ਦਿਆਂ? ਪਰ ਲਿਖ ਮੇਰਾ ਨਾਵਲ ...ਮੇਰੀ ਸਟੋਰੀ...।"
''ਨਹੀਂ ਚਾਚਾ, ਮੁਫ਼ਤੀ ਲਿਖੂੰ ਤੇਰਾ ਨਾਵਲ...ਪਰ ਲਿਖੂੰ ਆਪਣੀ ਮਰਜ਼ੀ ਨਾਲ...ਜਿਵੇਂ ਤੂੰ ਕਹੇਂਗਾ...ਹੂਬਹੂ ਉਵੇਂ ਨਹੀਂ ਲਿਖਣਾ...ਤੇਰੇ ਪੋਤੜੇ ਫੋਲੂੰਗਾ ਮੈਂ ਤਾਂ...।"
ਮੈਂ ਹੱਸਦਾ ਹਾਂ। ਘੁੱਦਾ ਚਾਚਾ ਵੀ ਹੱਸ ਪਿਆ ਹੈ। ਉਸ ਨੇ ਗਲਾਸੀ ਦੀ ਆਖ਼ਰੀ ਘੁੱਟ ਮੁਕਾਈ ਹੈ। ਮੈਂ ਖ਼ਾਲੀ ਹੋਇਆ ਪਾਣੀ ਵਾਲਾ ਨਿੱਕਾ ਜੱਗ ਭਰ ਲਿਆਇਆ ਹਾਂ।
''ਲਿਖ ਲਈਂ...ਲਿਖ ਲਈਂ...ਜਿਵੇਂ ਕੰਵਲ ਲਿਖਦਾ ਹੁੰਦਾ...ਢੁਡੀਕੇ ਵਾਲਾ ਕੰਵਲ...ਬੜੇ ਨਾਵਲ ਪੜ੍ਹੇ ਮੈਂ ਉਹਦੇ...ਜਸਵੰਤ ਕੰਵਲ ਦੇ...ਜੇ ਤੂੰ ਨਾ ਲਿਖੇਂਗਾ ਤਾਂ ਮੈਂ ਕੰਵਲ ਤੋਂ ਲਿਖਵਾਊਂਗਾ...ਜਦੋਂ ਮੈਂ ਇੰਡੀਆ ਆਇਆ ਤਾਂ ਕੰਵਲ ਦੇ ਪਿੰਡ ਜਾਊਂਗਾ...ਉਹਨੂੰ ਕਹੂੰ ਵਈ ਤੂੰ ਲਿਖ ਮੇਰਾ ਨਾਵਲ...ਤੇਰੀ ਚਾਚੀ ਦੀ ਤੇ ਮੇਰੀ ਪ੍ਰੀਤ ਦੀ ਕਹਾਣੀ...।"
ਮੈਂ ਇਹ ਦੱਸ ਦੇਵਾਂ ਕਿ ਮੈਂ ਇਹਨੂੰ 'ਚਾਚਾ' ਕਿਹੜੇ ਹਿਸਾਬ 'ਚ ਕਹਿੰਨਾ। ਜਿਹੜੇ ਮੇਰੇ ਮਿੱਤਰ ਨੇ ਮੈਨੂੰ ਇਹਦੇ ਨਾਲ ਮਿਲਵਾਇਆ ਹੈ, ਉਹਦਾ ਇਹ ਦੂਰੋ-ਨੇੜਿਓ ਚਾਚਾ ਲੱਗਦੈ। ਮਿੱਤਰ ਨੂੰ 'ਚਾਚਾ' ਕਹਿੰਦਾ ਦੇਖ ਕੇ ਮੈਂ ਵੀ 'ਚਾਚਾ' ਕਹਿਣ ਲੱਗਿਆ।
ਬਹੁਤ ਵੱਡਾ ਘਰ ਹੈ ਚਾਚੇ ਘੁੱਦੇ ਦਾ। ਰਹਿੰਦਾ ਇਕੱਲਾ। ਧੀਆਂ-ਪੁੱਤ ਦੂਰ ਨੇ। ਕੋਈ ਘੰਟੇ ਦੀ ਵਾਟ 'ਤੇ...ਕੋਈ ਦੋ ਘੰਟੇ ਦੀ ਵਾਟ 'ਤੇ। ਉਦੋਂ ਮਿਲਦੇ ਨੇ, ਜਦੋਂ ਚਾਚੇ ਦੇ ਕਿਸੇ ਦੋਹਤੇ-ਪੋਤੇ ਦਾ ਜਨਮ ਦਿਨ ਹੁੰਦਾ ਹੈ ਜਾਂ ਰਿਸ਼ਤੇਦਾਰੀ ਵਿੱਚ ਕੋਈ ਸੁੱਖ-ਦੁੱਖ ਦੀ ਰਸਮ ਹੋਵੇ। ਚਾਚਾ ਮਸਤ ਹੈ। ਡੱਕਾ ਫ਼ਿਕਰ ਨਹੀਂ। ਕਹਿੰਦਾ ਹੈ, ''ਆਏ ਦੀ ਖ਼ੁਸ਼ੀ ਨਹੀਂ...ਗਏ ਦਾ ਗ਼ਮ ਨਹੀਂ।"
ਵਲੈਤ ਵਿੱਚ ਅਜਿਹੇ ਵੱਡੇ ਘਰ ਟਾਵੇਂ ਲੋਕਾਂ ਕੋਲ ਹੀ ਹਨ, ਜਿਹੜੇ ਬਹੁਤ ਪੁਰਾਣੇ ਆਏ ਹੋਏ ਹਨ। ਹਰ ਕਿਸੇ ਕੋਲ ਅਜਿਹਾ ਵੱਡਾ ਤੇ ਸ਼ਾਨਦਾਰ ਘਰ ਨਹੀਂ, ਚਾਚੇ ਨੇ ਕੰਮ ਤੋਂ ਵੀ ਬਥੇਰਾ ਕਮਾਇਆ ਹੈ। ਹੁਣ ਪੈਨਸ਼ਨ ਮਿਲਦੀ ਹੈ। ਕੋਈ ਤੋਟ ਨਹੀਂ...ਚਾਚੀ ਵੇਲੇ ਤੋਂ ਪਹਿਲਾ ਈ ਮੁੱਕ ਗਈ।
ਚਾਚੀ ਦੇ ਗੁਜ਼ਰ ਜਾਣ ਦਾ ਚਾਚੇ ਨੂੰ ਭੋਰਾ ਜਿੰਨਾਂ ਝੋਰਾ ਨਹੀਂ ਸੀ। ਉਹ ਦੱਸਦਾ,''ਸਭ ਨੂੰ ਮੋਹ ਦਿੰਦੀ-ਲੈਂਦੀ ਰਹੀ ਆ...ਵਧੀਆ ਗਈ ਆ ਹੱਸਦੀ-ਖੇਡਦੀ...ਹਰੇ-ਭਰੇ ਬਾਗ ਪਰਿਵਾਰ 'ਚੋਂ...ਉਹਨੂੰ ਕਿਸੇ ਗੱਲੋਂ ਕਮੀਂ ਨਹੀਂ ਰਹੀ ਕਹਿੰਦੀ ਹੁੰਦੀ ਸੀ...ਪਿੰਡ ਕੋਠੀ ਪਾ ਦੇ...ਪਾ 'ਤੀ...ਜਦ ਜਦ ਵੀ ਕੋਈ ਟੂਮ-ਟੱਲਾ ਲੈਣ ਨੂੰ ਕਿਹਾ...ਲੈਤਾ...ਮਹਿੰਗੇ ਤੋਂ ਮਹਿੰਗਾ ਸੂਟ ਲੈਂਦੀ ਸੀ...ਰਿਸ਼ਤੇਦਾਰੀ 'ਚ ਜੋ ਮਰਜ਼ੀ ਦੇਵੇ-ਲਵੇ...ਏਹ ਉਹਦਾ ਕੰਮ ਸੀ...ਇੱਕ ਵੇਰਾਂ ਕਹਿੰਦੀ ਸੁਣਿਆ ਆਂ ਕਿ ਪੈਰਿਸ ਬਹੁਤ ਸੋਹਣਾ ਆਂ...ਮੈਂ ਘੁੰਮਣਾ ਆਂ...ਘੁੰਮਾਤਾ...ਇੱਕ ਵਾਰ ਕਿਹਾ ਕਿ ਵੱਡਾ ਘਰ ਲੈਣਾ ਆਂ...ਲੈਤਾ...ਦੇਖ ਕਿੱਡਾ ਵੱਡਾ ਘਰ ਆ...ਪਰ ਰਹਿਣਾ ਨਸੀਬ ਨਹੀਂ ਹੋਇਆ ਏਸ ਘਰ 'ਚ...ਤਿੰਨ ਸਾਲ ਈ ਰਹੀ...।"
''ਚਾਚਾ ਡਰ ਨ੍ਹੀ ਆਉਂਦਾ..ਐਡਾ ਘਰ...'ਕੱਲਾ ਬੰਦਾ...ਸਾਫ-ਸਫ਼ਾਈ...ਕਿੰਨਾ ਔਖਾ ਟਾਈਮ ਟਪਾਉਣਾ...?"
''ਡਰ ਕਾਹਦਾ ਆ...ਗਲਾਸੀ ਮਾਰੀਦੀ ਆ...ਮੌਜ ਨਾਲ...ਖਾ ਪੀ ਕੇ ਖਰਾਟੇ ਮਾਰੀਦੇ ਆ...ਫ਼ੋਨ ਬੰਦ ਕਰਕੇ ਸੌਈਂਦਾ ਆ...ਮਰਜ਼ੀ ਨਾਲ ਉਠੀਦਾ ਆ...ਸਾਫ਼-ਸਫ਼ਾਈ ਕਾਹਦੀ...ਜਦ ਐਥੈ ਗੰਦ ਈ ਨ੍ਹੀ ਪੈਂਦਾ...ਕਈ-ਕਈ ਕਮਰੇ ਤਾਂ ਕਈ ਮਹੀਨੇ ਬਾਅਦ ਖੋਲ੍ਹਦਾਂ ਤੇ ਝਾੜ-ਪੂੰਝ ਕੇ ਫਿਰ ਬੰਦ...ਦੇਖ ਕਿੱਦਾਂ ਮੇਰਾ ਘਰ ਭਰਿਆ-ਭਰਿਆ...ਕੋਈ ਹਿਸਾਬ-ਕਿਤਾਬ ਨ੍ਹੀ ਅੰਨ੍ਹੇ ਭਾਂਡੇ ਪਏ ਆ...ਮਹਿੰਗੀ ਤੋਂ ਮਹਿੰਗੀ ਕਰੌਕਰੀ...ਅਣਲੱਗ ਤੇ ਅਣਲੱਗ ਬਿਸਤਰੇ ਤੇ ਹੋਰ ਕੱਪੜੇ...।"
ਮੈਂ ਦੇਖਦਾ ਹਾਂ...ਪਿੰਡ ਵਾਲੀ ਆਪਣੀ ਗਰਲ-ਫਰੈਂਡ ਬਾਰੇ ਗੱਲਾਂ ਕਰਦੇ ਸਮੇਂ ਚਾਚੇ ਦੀਆਂ ਅੱਖਾਂ ਚਮਕ ਪੈਂਦੀਆ ਨੇ...ਉਹਦੇ ਬੁੱਲ੍ਹਾਂ 'ਤੇ ਝੱਗ ਦੀ ਕਿਣਮਿਣ ਵਧ ਜਾਂਦੀ ਹੈ। ਗੱਲ ਕਰਦੇ-ਕਰਦੇ ਸ਼ਬਦ ਥੁੜਨ ਲੱਗਦੇ ਨੇ। ਜਿਵੇਂ ਉਹ ਕਿਸੇ ਚਾਅ ਜਾਂ ਉਤਸ਼ਾਹ ਜਿਹੇ ਵਿੱਚ ਆ ਜਾਂਦਾ ਹੈ। ਮੈਂ ਚਾਹੁੰਨੈ ਕਿ ਚਾਚੇ ਤੋਂ ਉਸਦੀ ਇੰਡੀਆ ਵਾਲੀ ਫਰੈਂਡ ਬਾਰੇ ਵਧ ਤੋਂ ਵਧ ਗੱਲਾਂ ਸੁਣਾ।
ਮੈਂ ਪੁਛਦਾ ਹਾਂ,''ਕਦੋਂ ਕੁ ਦੀ ਜਾਣਦੀ ਤੈਨੂੰ...ਚਾਚੀ ਦੇ ਗੁਜ਼ਰ ਜਾਣ ਮਗਰੋਂ ਦੀ ਜਾਂ ਪਹਿਲਾਂ ਦੀ?"
''ਏਹ ਵੀ ਤੂੰ ਲਿਖੇਂਗਾ? ਲਿਖੀਂ-ਲਿਖੀਂ...ਬੇਸ਼ਕ ਲਿਖੀਂ...ਤੈਨੂੰ ਦੱਸਦਾਂ ਮੈਂ...ਚਾਹੇ ਮੈਂ ਜੱਟ ਆਂ ਤੇ ਉਹ ਨੀਵੀਂ ਜਾਤੀ ਦੀ ਆ...ਹੋਵੇ ਪਈ...ਮੈਨੂੰ ਕੀ...ਮੈਂ ਤਾਂ ਆਪਣੇ ਗੁਰੂਆਂ ਦਾ ਕਿਹਾ ਮੰਨਦਾ ਆਂ...ਮੈਂ ਜਾਤਾਂ-ਪਾਤਾਂ 'ਚ ਭੋਰਾ ਯਕੀਨ ਨ੍ਹੀ ਕਰਦਾ...ਤੈਨੂੰ ਦੱਸਾਂ ਮੈਂ...ਏਹ ਕੰਜਰ ਦੀ ਮੇਰੀ ਕਬੱਡੀ 'ਤੇ ਮਰਗੀ...ਮੇਰੀ ਸ਼ਾਨ 'ਤੇ...ਮੇਰੇ ਕੱਦ-ਬੁੱਤ 'ਤੇ...ਏਹ ਮੈਨੂੰ ਬਹੁਤ ਪੁਰਾਣੀ ਜਾਣਦੀ ਆ...ਸਾਡੇ ਉਦੋਂ ਏਹ ਕੰਮ ਕਰਦੀ ਸੀ...ਬੇਬੇ ਨੇ ਰੱਖੀ ਸੀ...ਬੇਬੇ ਕਹਿੰਦੀ ਹੁੰਦੀ ਸੀ ਕਿ ਏਹ ਬੜੀ ਚੰਗੀ ਕੁੜੀ ਆ...ਪਰ ਸੱਚ ਦੱਸਾਂ, ਮੇਰੀ ਉਦੋਂ ਏਹਦੇ ਨਾਲ ਫਰੈਂਡਸ਼ਿੱਪ ਨਹੀਂ ਸੀ...ਏਹ ਤਾਂ ਉਦੋਂ ਬਣੀ ਆਂ ਜਦ ਮੈਂ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਤੇ ਪੱਕਾ ਹੋ ਕੇ ਵਲੈਤੋਂ ਗਿਆ ਵਾਂ...ਏਹ ਸਹੁਰੀ ਉਹੋ-ਜਿਹੀ ਪਈ ਸੀ ਜਿਹੋ-ਜਿਹੀ ਖੁੰਬ ਅਰਗੀ ਛੱਡ ਕੇ ਗਿਆ ਸੀ...ਮੈਂ ਵਿਆਹ ਕਰੌਣ ਗਿਆ ਆਂ ਉਦੋਂ...ਚਾਰ ਮਹੀਨੇ ਰਿਹਾ...ਉਦੋਂ ਰਲਗੀ ਸੀਟੀ ਇੱਕ ਦਿਨ...ਸੱਚ ਦੱਸਾਂ ਔਖਾ ਮੈਂ ਵੀ ਸੀ...ਹੈਥੋਂ ਵੰਨ-ਸੁਵੰਨੀਆਂ ਗੋਰੀਆਂ 'ਚੋਂ ਗਿਆ ਸੀ...ਇੱਕ ਦਿਨ ਦੁਪਿਹਰਾਂ ਨੂੰ ਬੰਨ੍ਹਤਾ ਲਹਿਰਾ...ਫਿਰ...ਗੋਰੀਆਂ ਸਾਲ਼ੀਆਂ ਕੀ ਨੇ ਰਬੜ ਦੀਆਂ ਗੁੱਡੀਆਂ ਜਿਹੀਆਂ...ਏਹਦੀ ਤਾਂ ਗੱਲ ਈ ਹੋਰ ਸੀ...ਉਦੋਂ ਤਾਂ ਕਿਸੇ ਨੂੰ ਪਤਾ ਨ੍ਹੀ ਲੱਗਾ...ਵਿਆਹ ਕਰਵਾ ਕੇ ਮੁੜ ਆਇਆ ਸੀ ਮੈਂ...ਫੇਰ ਜਦੋਂ ਤੇਰੀ ਚਾਚੀ ਨੂੰ ਲੈਣ ਗਿਆ ਵਾਂ...ਛੇਆਂ ਮਹੀਨਿਆਂ ਬਾਅਦ...ਉਦੋਂ ਫੇਰ ਲਹਿਰੇ ਬੰਨ੍ਹੇ...ਘਰ ਸਾਰਿਆਂ ਨੂੰ ਪਤਾ ਲੱਗ ਗਿਆ...ਤੇਰੀ ਚਾਚੀ ਨੂੰ ਤਾਂ ਚੌਥੇ ਸਾਲ ਪਤਾ ਲੱਗਾ ਸੀ...ਇੱਕ ਦਿਨ ਫੋ:ਨ ਕਰਦਾ ਫੜ ਹੋ ਗਿਆ ਮੈਂ...ਤੇਰੀ ਚਾਚੀ ਸਾਰੀ ਉਮਰ ਰੋਂਦੀ ਰਹੀ ਆ ਵਈ ਕੁੱਤੀ ਮਜਬਣ ਮੇਰੇ ਹੱਡਾਂ 'ਚ ਬਹਿਗੀ...ਬੇੜਾ ਡੁਬਜੇ ਗਰਕਣੀ ਦਾ...ਤੇਰੀ ਚਾਚੀ ਮੈਨੂੰ ਕਹਿੰਦੀ ਰਹੀ ਆ...ਅਖੇ ਮੇਰੇ 'ਚ ਕਿਹੜੀ ਘਾਟ ਸੀ...ਤੂੰ ਗੰਦ ਨੂੰ ਮੂੰਹ ਮਾਰਦਾਂ...ਮੈਨੂੰ ਤੇਰਾ ਆਹਾ ਈ ਦੁੱਖ ਖਾ ਗਿਆ...ਕਿਹੜੀ ਜ਼ਨਾਨੀ ਬੰਦੇ ਨੂੰ ਪਾਸੇ ਜਾਂਦਾ ਦੇਖ ਕੇ ਸਬਰ ਕਰੂ...ਪਰ ਮੈਂ ਨ੍ਹੀ ਹਟਿਆ ਯਾਰ...।
ਮੈਂ ਕਹਿਣਾ ਚਾਹੁੰਦਾ ਹਾਂ ਕਿ ਚਾਚਾ ਓਦਣ ਤਾਂ ਕਹਿੰਦਾ ਸੀ ਕਿ ਹੱਸਦੀ-ਖੇਡ੍ਹਦੀ ਗਈ ਆ...ਤੇ ਹੁਣ ਅਸਲੀ ਗੱਲ ਦੱਸੀ ਆ ਤੂੰ...ਜਾਂ ਫਿਰ ਆਪਣੇ ਦਿਲ ਨੂੰ 'ਝੂਠੀਆਂ ਤਸੱਲੀਆਂ' ਦੇਣ ਲਈ ਕਹਿ ਰਿਹਾ ਸੀ ਓਦਣ ਤੂੰ। ਇਹ ਗੱਲ ਕਹਿੰਦਾ-ਕਹਿੰਦਾ ਰਹਿ ਗਿਆ ਹਾਂ ਮੈਂ। ਚਾਚੀ ਨੂੰ ਚੇਤੇ ਕਰ ਕੇ ਚਾਚਾ ਰੋ ਪਿਆ ਹੈ। ਮੈਂ ਗੱਲ ਦਾ ਵਿਸ਼ਾ ਬਦਲ ਰਿਹਾਂ ਪਰ ਚਾਚੇ ਦੀ ਸੂਈ ਉਥੇ ਈ ਅੜ ਗਈ ਹੈ। ਗੱਲ ਨੂੰ ਲਾਂਭੇ ਕਰਨ ਲਈ ਵਾਸ਼ਰੂਮ ਜਾਣ ਦਾ ਬਹਾਨਾ ਲਾਉਂਦਾ ਹਾਂ। ਮੇਰੇ ਵਾਪਿਸ ਆਉਣ 'ਤੇ ਚਾਚਾ ਮੀਟ 'ਚ ਕੜਛੀ ਫੇਰਨ ਉਠ ਗਿਆ...ਮੈਂ ਵੀ ਮਗਰੇ ਕਿਚਨ 'ਚ ਚਲਾ ਜਾਂਦਾ ਹਾਂ।
****************
''ਬੜੇ ਸਾਲ ਹੋ ਗਏ ਆ...ਮੇਰੇ ਯੂ.ਐੱਸ.ਏ.ਵਾਲੇ ਬ੍ਰਦਰ ਨੇ ਇੱਕ ਦਿਨ ਗਲਾਸੀ ਲਾਈ 'ਚ ਮੈਨੂੰ ਫ਼ੋਨ ਕੀਤਾ...ਕਹਿੰਦਾ ਆ ਅਖੇ ਭਾਜੀ ਏਹ ਗੱਲ ਠੀਕ ਨ੍ਹੀਂ ਆਂ...ਸਾਰੇ ਪਾਸੇ ਬਦਨਾਮੀ ਹੋਈ ਪਈ ਆ...ਹੁਣ ਤੂੰ ਸਿਆਣਾ ਹੋ ਗਿਆ ਆਂ... (ਵਲੈਤ ਵਿੱਚ ਬੁੜ੍ਹੇ ਹੋ ਗਏ ਨੂੰ 'ਸਿਆਣਾ' ਹੋ ਗਿਆ ਆਖਦੇ ਹਨ), ਹੁਣ ਤਾਂ ਹਟਜਾ...ਮੈਂ ਸਾਫ਼ ਈ ਕਹਿਤਾ ਕਿ ਜੇ ਇਹੋ ਗੱਲ ਕਹਿਣੀ ਆਂ ਤਾਂ ਅੱਗੇ ਤੋਂ ਮੈਨੂੰ ਫੋ:ਨ ਨਾ ਕਰੀਂ...ਫੇਰ ਆਂਹਦਾ ਅਖੇ ਮਜ਼ਬ੍ਹਣ ਆਂ...ਮੈਂ ਕਿਹਾ ਮੇਰੇ ਲਈ ਉਹ ਦੇਵੀ ਆ...ਤੇਰੇ ਲਈ ਹੋਊਗੀ ਮਜ਼ਬ੍ਹਣ...ਤੇ ਉਹ ਫ਼ੋਨ ਕੱਟ ਗਿਆ...ਅੱਜ ਤੱਕ ਗੱਲ ਨਹੀ ਹੋਈ ਸਾਡੀ...ਯਾਰ ਉਹ ਕੌਣ ਹੁੰਦਾ ਆ ਮੇਰੀ ਫਰੈਂਡ ਨੂੰ ਏਦਾਂ ਆਖਣ ਵਾਲਾ...ਚਾਹੇ ਭਰਾ ਈ ਆ...ਮੈਂ ਤੈਨੂੰ ਕਿਹਾ ਵਈ ਮੇਰੇ ਲਈ ਜ਼ਾਤ-ਗੋਤ ਹੈਨੀ...ਸਾਡੇ ਜੱਟਾਂ ਨੇ ਗੁਰੂਆਂ ਦੀ ਬਾਣੀ 'ਤੇ ਅਮਲ ਈ ਕਦ ਕੀਤਾ ਆ...ਉਹਨਾਂ ਨੇ ਜ਼ਾਤਾਂ-ਗੋਤਾਂ ਖ਼ਤਮ ਕੀਤੀਆਂ ਤੇ ਇਹਨਾਂ ਨੇ ਬਣਾਈਆਂ...ਏਹਨਾਂ ਨੂੰ ਕੋਈ ਪੁੱਛੇ ਬਈ ਏਹ ਮਜ਼ਬ੍ਹ ਤੋਂ ਸ਼ਬਦ ਬਣਿਆ ਸੀ...ਧਰਮ ਤੋਂ...ਤੇ ਏਹੇ ਏਹਦੇ ਉਲਟ ਈ ਅਰਥ ਲੈਂਦੇ ਆ...ਸੁਣ ਗੱਲ...ਉਹਦੇ ਬੱਚੇ ਮੈਨੂੰ ਜਦ ਮੈਨੂੰ ਡੈਡ ਕਹਿੰਦੇ ਆ ਤਾਂ ਫੇਰ ਪਿੱਛੇ ਕੀ ਰਹਿ ਗਿਆ ਵਾ? ਦੋਵੇਂ ਬੱਚੇ ਉਹਦੇ ਪੜ੍ਹਾਏ ਮੈਂ ਤੇ ਇੱਕ ਦੁਬਈ ਭੇਜਿਆ...ਇੱਕ ਪੈਰਿਸ ਆ...ਸੈੱਟ ਕਰਤੇ ਆ...ਮੌਜਾਂ ਕਰਦੇ ਆ...।"
ਦੂਜੇ ਦਿਨ ਚਾਚਾ ਫਿਰ ਖਿੜਿਆ ਹੋਇਆ ਸੀ। ਅੱਜ ਮੈਂ ਕੁਝ ਘੰਟਿਆ ਦੀ ਛੁੱਟੀ ਲੈਕੇ ਇੱਕ ਦੋਸਤ ਨਾਲ ਅੱਗਿਓਂ ਉਸਦੇ ਦੋਸਤ ਦੇ ਘਰ ਚਾਹ 'ਤੇ ਗਿਆ ਸਾਂ। ਜਦ ਮੈਂ ਆਇਆ ਤਾਂ ਚਾਚਾ ਵੇਲੇ ਨਾਲ ਈ ਗਲਾਸੀ ਲਾਈ ਬੈਠਾ ਸੀ। ਕਹਿੰਦਾ, ''ਤੂੰ ਕੱਲ੍ਹ-ਪਰਸੋਂ ਨੂੰ ਚਲੇ ਜਾਣੈ...ਮੈਂ ਸੋਚਿਆ ਭਤੀਜੇ ਨਾਲ ਗੱਲਾਂ ਕਰ ਲਵਾਂ ਜ਼ਰਾ ਮੂਡ ਸੈੱਟ ਹੋ ਜੂ...ਨਾਲੇ ਸੁਣ ਭਤੀਜ ਤੂੰ ਮੈਨੂੰ ਤੂੰਬੀ ਸੁਣਾਈ ਸੀ ਤੇ ਮੈਂ ਤੈਨੂੰ ਅੱਜ ਸੁਣਾਊਂਗਾ ਗਾਣਾ...ਜ਼ਰਾ ਹੋ ਲੈਣ ਦੇ ਮੈਨੂੰ ਤਰਾਰੇ 'ਚ ਭੋਰਾ...।"
ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ
ਸੁਰਗਾਂ ਨੂੰ ਜਾਣ ਹੱਡੀਆਂ...
ਨੀਂ ਜਿੰਦੇ ਮੇਰੀਏ...
ਓ ਜਿੰਦ ਮੀਤੋ ਦੀ ਬੁੱਕਲ ਵਿੱਚ ਨਿਕਲੇ
ਤੇ ਸੁਰਗਾਂ ਨੂੰ ਜਾਣ ਹੱਡੀਆਂ...
ਚਾਚਾ ਗਾ ਰਿਹਾ ਸੀ...ਸੁਰੀਲੀ ਆਵਾਜ਼ ਵਿੱਚ...ਚੰਗਾ ਲੱਗ ਰਿਹਾ ਸੀ...ਮੈਂ ਤਾਂ ਹੈਰਾਨ ਈ ਰਹਿ ਗਿਆ ਸੁਣ ਕੇ ਚਾਚੇ ਦੀ ਆਵਾਜ਼। ਕੁਦਰਤੀ ਸੁਰ ਵਿੱਚ ਆਵਾਜ਼ ਚਾਚੇ ਦੀ।
ਚਾਚੇ ਨੂੰ ਇੰਡੀਆ ਜਾਣ ਦੀ ਕਾਹਲ ਬਣੀ ਹੋਈ ਸੀ। ਮੇਰੇ ਤੋਂ ਦਸ ਦਿਨ ਮਗਰੋਂ ਚਾਚੇ ਨੇ ਇੰਡੀਆ ਆਉਣਾ ਸੀ। ਪੱਕੀ ਕੀਤੀ ਹੋਈ ਸੀ ਕਿ ਮੈਂ ਚਾਚੇ ਕੋਲ ਉਹਦੇ ਪਿੰਡ ਜਾਣਾ...ਰੌਣਕ ਲਾਵਾਂਗੇ...ਚਾਚਾ ਕਹਿੰਦਾ ਸੀ, ''ਫਿਰ ਮੈਂ ਵੀ ਤੇਰੇ ਪਿੰਡ ਆਊਂਗਾ...ਨਾਲੇ ਤੇਰੀ ਚਾਚੀ ਵੀ ਆਊ... ਤੂੰ ਆਪਣੇ ਘਰ ਦਿਆਂ ਨੂੰ ਏਹ ਨਾ ਦੱਸਦੀਂ ਕਿ ਚਾਚੇ ਦੀ ਗਰਲ-ਫਰੈਂਡ ਆ..ਕਹੀਂ ਚਾਚੀ-ਚਾਚਾ ਆਏ ਆ...ਤੇਰੀ ਚਾਚੀ ਤੈਨੂੰ ਮਿਲ ਕੇ ਬਹੁਤ ਖੁਸ਼ ਹੋਊਗੀ...ਤੇਰੇ ਅਰਗੇ ਰੌਣਕੀ ਬੰਦੇ ਉਹਨੂੰ ਬੜੇ ਚੰਗੇ ਲੱਗਦੇ ਆ...।" ਚਾਚੀ ਨਾਲ ਮੇਰੀ ਫ਼ੋਨ 'ਤੇ ਚਾਰ-ਪੰਜ ਵਾਰੀ ਗੱਲ ਵੀ ਕਰਵਾਈ ਸੀ।
ਚਾਚੇ ਨੇ ਇੰਡੀਆ ਆਉਣ ਤੋਂ ਦੋ ਦਿਨ ਪਹਿਲਾਂ ਫ਼ੋਨ ਕੀਤਾ ਸੀ ਕਿ, ''ਕੋਈ ਚੀਜ਼ ਚਾਹੀਦੀ ਆ ਤਾਂ ਦੱਸ ਦੇ...ਲੈ ਆਵਾਂਗਾ।" ਚਾਚਾ ਪਿੰਡ ਆ ਗਿਆ... ਹੱਸਦਾ-ਖੇਡਦਾ...ਬਾਗੋ-ਬਾਗ...ਮੈਂ ਉਹਦੇ ਕੋਲ ਜਾਣਾ ਸੀ ਪਿੰਡ। ਉਸ ਨੂੰ ਚਾਰ ਦਿਨ ਹੋ ਗਏ ਸਨ ਆਏ ਨੂੰ...ਨਿੱਤ ਸ਼ਾਮੀ ਗਲਾਸੀ ਲਾ ਕੇ ਫੋਨ 'ਤੇ ਗੱਲਾਂ ਕਰਦਾ...ਖੁਸ਼ ਹੁੰਦਾ...। ਇੱਕ ਰਾਤ ਉਸਨੇ ਦਾਰੂ ਕੁਝ ਵੱਧ ਪੀਤੀ। ਰੋਟੀ-ਟੁੱਕ ਖਾ ਕੇ ਸੁੱਤਾ। ਸਵੇਰੇ ਨਹੀਂ ਉੱਠਿਆ। ਉਸ ਦਿਨ ਜਦ ਸਵੇਰੇ-ਸਵੇਰੇ ਚਾਚੇ ਦੇ ਫ਼ੋਨ ਤੋਂ ਫੋਨ ਆਇਆ ਤਾਂ ਅੱਗਿਓਂ ਚਾਚੀ ਰੋ ਰਹੀ ਸੀ...। ਵਲੈਤ ਵਿੱਚ ਚਾਚੇ ਦੇ ਬੱਚਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਉਹ ਆ ਰਹੇ ਸਨ। ਮੇਰਾ ਮਨ ਬੜਾ ਖਰਾਬ ਹੋਇਆ। ਟੈਨਸ਼ਨ ਵਾਲੀ ਗੋਲੀ ਇੱਕ ਦੀ ਬਜਾਏ ਦੋ ਖਾ ਕੇ ਮੈਂ ਚਾਚੇ ਦੇ ਪਿੰਡ ਜਾਣ ਵਾਲੀ ਬੱਸ ਫੜ ਲਈ। ਜਦ ਮੈਂ ਪਹੁੰਚਿਆ ਤਾਂ ਉਸਦੀ ਦੇਹ ਨੂੰ ਦੇਹ ਸੰਭਾਲ ਘਰ ਵਿੱਚ ਛੱਡਣ ਚੱਲੇ ਸਨ। ਅਜੇ ਪੰਜ ਦਿਨ ਲੱਗਣੇ ਸੀ ਸਸਕਾਰ ਨੂੰ।
ਜਦ ਵਾਪਸ ਘਰ ਆਏ ਤਾਂ ਚਾਚੀ ਨੇ ਮੈਨੂੰ ਪਛਾਣ ਲਿਆ। ਉਹ ਮੈਨੂੰ ਗਲਵੱਕੜੀ ਪਾ ਕੇ ਬਹੁਤ ਰੋਈ...ਜਦੋਂ ਕਿ ਮੈਂ ਤਾਂ ਉਸ ਨੂੰ ਪਹਿਲੀ ਵਾਰੀ ਹੀ ਮਿਲਿਆ ਸਾਂ। ''ਵੇ ਤੇਰਾ ਚਾਚਾ ਤਾਂ ਰੱਬੀ ਰੂਹ ਸੀ ਵੇ...ਮੈਨੂੰ ਡੁਬੜੀ ਨੂੰ ਤਾਰ ਗਿਆ ਤੇਰਾ ਚਾਚਾ।" ਚਾਚੀ ਦੇ ਇਹਨਾਂ ਬੋਲਾਂ ਨੇ ਮੇਰੇ ਕਾਲਜੇ 'ਚੋਂ ਰੁੱਗ ਭਰ ਲਿਆ ਸੀ।
ਜਿੱਦਣ ਚਾਚੇ ਦਾ ਸਿਵਾ ਬਲ ਰਿਹਾ...ਮੈਨੂੰ ਸਿਵਿਆਂ ਵਿੱਚ ਖਲੋਤੇ ਨੂੰ ਉਸ ਨਾਲ ਵਲੈਤ ਵਿੱਚ ਬਿਤਾਏ ਦਿਨ ਯਾਦ ਆ ਰਹੇ ਨੇ ਤੇ ਇੱਕ ਸ਼ਾਮ ਉਸ ਦੇ ਗਾਏ ਇਹ ਬੋਲ ਵੀ:
ਜਿੰਦ ਯਾਰ ਦੀ ਬੁੱਲਕ ਵਿੱਚ ਨਿਕਲੇ
ਤੇ ਸੁਰਗਾਂ ਨੂੰ ਜਾਣ ਹੱਡੀਆਂ...
ਨਿੰਦਰ ਘੁਗਿਆਣਵੀ
ninder_ghugianvi@yahoo.com
94174-21700

No comments:

Post a Comment