Friday, 20 January 2012

ਮਨਿੰਦਰ ਸਿੱਧੂ

ਵਹੀ ਖਾਤਾ

ਮੈਨੂੰ ਲਗਦਾ ਜਿੰਦਗੀ ਜਿਵੇਂ ਇੱਕ ਵਹੀ ਖਾਤਾ .....

 'ਤੇ ਲੋਕ ਸਾਰੀ ਉਮਰ ਕਰਦੇ ਨੇ ਇਸ ਵਹੀ ਦਾ ਹਿਸਾਬ ....

 ਕਲ ਮੈਂ ਦੇਖਆ ਸੜਕ ਕਿਨਾਰੇ ਇੱਕ ਗਰੀਬ ਬੱਚੇ ਨੂੰ ....

 ਮੰਗੇ ਹੋਏ ਸਿਕਿਆਂ ਦਾ ਹਿਸਾਬ ਕਰਦਾ ....

ਇੱਕ ਜੱਟ ਬੀਜੀ ਹੋਏ ਕਣਕ ਤੇ ਕਰਜ ...

 ਦੇ ਖਾਯਾਲਾਂ ਵਿਚ ਵਟ ਤੇ ਠਰਦਾ .....

 ਲਾਚਾਰ ਬਾਪ ਕੁੜੀ ਦੇ ਸੌਹਰਿਆਂ ਵਲੋਂ ਮੰਗੇ ਦਾਜ ....

 ਇੱਕ ਸਾਹੂਕਾਰ ਕਿਸੇ ਜੱਟ ਦੇ ਕਰਜੇ ਤੇ ਲਾਏ ਵਿਆਜ ....

 ਇੱਕ ਆਸ਼ਿਕ਼ ਆਪਣੀ ਮਹਿਬੁਬਾ ਦੀ ਵਫ਼ਾ ਦਾ ....

 ਸਰਹਦ ਤੇ ਖੜਾ ਫੌਜੀ ਦੇਸ਼ ਦੀ ਰਖਆ ਦਾ ...

 ਹਰ ਕਿਸੇ ਨੂੰ ਹਿਸਾਬ ਦੇ ਗੇੜ ਚ ਉਲਜਿਆ ਦੇਖਾਂ ....

 ਚਲ "ਸਿਧੂ" ਆਪਾਂ ਵੀ ਕਰੀਏ ਕੋਈ ਹਿਸਾਬ ...

ਕਹੰਦੇ ਦੇਣਾ ਪੈਂਦਾ ਉਸ ਰੱਬ ਨੂੰ ਲੇਖਾ .......... 

ਮਨਿੰਦਰ ਸਿੱਧੂ, ਬਰਨਾਲਾ

ਹਰਮੇਲ ਪਰੀਤ


ਕਿੱਥੇ ਕਿੱਥੇ ਨਹੀਂ ਭਟਕੇ ਯਾਰ ਦੀ ਤਲਾਸ਼ ਵਿੱਚ।

 ਉਮਰ ਗੁਜ਼ਰ ਗਈ ਹੈ ਪਿਆਰ ਦੀ ਤਲਾਸ਼ ਵਿੱਚ।



ਖਿਜ਼ਾਵਾਂ ਲਾਇਆ ਡੇਰਾ ਗੁਲਸ਼ਨ-ਇ-ਦਿਲ ਅੰਦਰ,

ਉਮੀਦਾਂ ਦੇ ਭੌਰੇ ਨੇ ਪਰ ਬਹਾਰ ਦੀ ਤਲਾਸ਼ ਵਿੱਚ।

-ਹਰਮੇਲ ਪਰੀਤ 9417333316

ਜਗਦੀਸ਼ ਕੌਰ

ਤੇਰਾ ਪਿਛਾ ਕਰਦਿਆਂ
ਲਗਦੈ
ਤੇਰਾ ਪਿਛਾ ਕਰਦਿਆਂ
ਸਦੀਆਂ ਤੋਂ ਦੌੜ ਰਹੀ ਹਾਂ
ਹਫਦੀ ਰਹੀ ਹਾਂ
ਤੈੰਨੂੰ ਹੱਟਕ ਦਿਆਂ
ਤੈਨੂੰ ਮੋੜ ਦਿਆਂ !
ਤੇ ਇੱਕ ਪਲ ਲਗਦੈ
ਏਸ ਜਨਮ ਆ
ਅੱਕ ਗਈ ਹਾਂ
ਥੱਕ ਟੁੱਟ ਕੇ ਬੈਠ ਗਈ ਹਾਂ...!
ਪਤਾ ਹੈ
ਮੁਢ਼ ਕੇ ਦੇਖਣਾ
ਤੇਰੀ ਫਿਤਰਤ ਨਹੀਂ
ਤੇਰਾ ਦੂਰ ਹੁੰਦਾ ਚੇਹਰਾ
ਮੇਰੀਆਂ ਭਰੀਆਂ ਅਖਾਂ
ਮੇਰੀ ਬਦਕਿਸਮਤੀ
ਤੇਰਾ ਦੌੜਦਾ ਆਕਾਰ
ਇੱਕ ਬਿੰਦੁ ਤੇ
ਬੋਝਲ ਹੋ ਗਿਆ ਹੈ
ਚਿਤਰਪਟ ਤੇ ਅਹਲ ਹੋ
ਲਟਕ ਗਿਆ ਹੈ...!
ਜਗਦੀਸ਼ ਕੌਰ

ਚਰਨਜੀਤ ਰੰਧਾਵਾ

ਵੇਸਵਾ ਦਾ ਢਾਬਾ 
 
ਹੁਣ ਤੇ ਬੜੀ ਦੇਰ ਹੋ ਗਈ ਕੁਝ ਨੀ ਬਚਿਆ,
ਮਾਸ ਬਣਿਆ ਸੀ ਸਵਾਦ ਬਣਿਆ ਸੀ, ਗਿਆ ਸਭ ਛਕਿਆ।
ਪਰ ਤੂੰ ਨਿਰਾਸ਼ ਨਾ ਹੋ ਕੁਝ ਬਚਿਆ ਵੀ ਹੈ,
ਮੇਰੇ ਕੁਝ ਹੰਝੂ,ਕੁਝ ਪਛਤਾਵੇ,ਕੁਝ ਯਾਦਾਂ ਤੇ ਮੇਰਾ ਦਿਲ,
ਜਿਸਨੂੰ ਕਦੇ ਕਿਸੇ ਨੀ ਖਾਧਾ ਪੀਤਾ,
ਸ਼ਾਇਦ ਇੱਹ ਸਭ ਕਿਸੇ ਦੇ ਹਜਮ ਈ ਨਈ ਹੁੰਦਾ।
ਹੁਣ ਤੂੰ ਦੱਸ ਕੀ ਪੀਏਗਾ,ਕੀ ਖਾਏਗਾ।
ਇੱਥੇ ਜਿੰਨੇ ਲੋਕੀ ਆਉਂਦੇ ਨੇ ਸਭ ਮਾਸ ਖਾਂਦੇ ਨੇ,
ਕੁਝ ਮੇਰੇ ਕੋਲ ਕੁਝ ਆਸ ਪਾਸ ਖਾਂਦੇ ਨੇ।
ਕਦੇ ਨੀ ਰੱਜਣੇ ਆਦਮ ਦੇ ਕਾਮੀ ਪੁੱਤਰ,
ਦਿਨ ਵਿਚ ਕਈ-ਕਈ ਵਾਰ ਖਾਂਦੇ ਨੇ।
ਮਾਸ ਵੀ ਕਿਧਰੇ ਸਸਤਾ ਤੇ ਮਹਿੰਗਾ ਏ।
ਪਰ ਆਪਣਿਆਂ ਦਾ ਮਾਸ ਕੋਈ ਨੀ ਖਵਾ ਸਕਦਾ।
ਹੁਣ ਤੂੰ ਦੱਸ ਕੀ ਪੀਏਗਾ, ਕੀ ਖਾਏਗਾ।
ਜੇ ਯਾਦਾਂ ਲੈਣੀਆਂ ਨੇ ਤਾਂ ਹੰਝੂ ਤੈਨੂੰ ਪੀਣੇ ਹੀ ਪੈਣਗੇ,
ਗੰਢੇ ਦੇ ਛਿੱਲੜ ਵਰਗੀ ਕੁੜੱਤਣ ਏ ਇਹਨਾਂ 'ਚ
ਇਸ ਲਈ ਤੇਰੀਆਂ ਅੱਖਾਂ ਵਿੱਚੋਂ ਵੀ ਪਾਣੀ ਆ ਸਕਦੈ
ਕੋਈ ਬਹੁਤਾ ਮੁੱਲ ਨੀ ਇਹਨਾਂ ਦਾ,
ਕੁਝ ਪਲ ਅਹਿਸਾਸ ਦੇ ਦੇਣੇ ਪੈਣਗੇ।
ਕੁਝ ਬੋਲ ਸੱਚ ਝੂਠ ਦੇ ਨਿਤਾਰੇ ਲਈ ਕਹਿਣੇ ਪੈਣਗੇ।
ਹੋ ਸਕਦੈ ਤੂੰ ਖ਼ੁਦ ਵੀ ਦੋਸ਼ੀ ਹੋਵੇ।
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ।
ਜੇ ਦਿਲ ਖਾਏਗਾ ਤਾਂ ਸ਼ਾਇਦ ਇਹ ਤੇਰੇ ਨਈਂ ਪਚਣਾ,
ਪਛਤਾਵੇ ਦੀਆਂ ਉਲਟੀਆਂ ਉੱਛਲੇਗਾ ਜਦ ਕਿਸੇ ਹੋਰ ਕੋਲ ਜਾਏਗਾ।
ਬਚਿਆ ਮਾਸ ਦਾ ਭੋਰਾ ਝੋਰਾ ਖਾ ਸਕਦੈ,
ਪਰ ਇਹ ਵੀ ਤੇਰੇ ਨਸੂੜੀ ਫਸ ਜਾਏਗਾ,
ਫੇਰ ਲੱਖ ਕਰੀਂ ਝੂਠੇ ਦਿਲਾਸਿਆਂ ਦੀਆਂ ਕੁਰਲੀਆਂ,
ਇਹ ਤਾਂ ਤੇਰੇ ਹੱਡੀ ਰਚ ਜਾਏਗਾ।
ਕਿਉਂਕਿ ਜਿਸ ਮੂੰਹ ਨੂੰ ਇੱਕ ਵਾਰੀ ਮਾਸ ਲੱਗ ਜਾਵੇ ,
ਫਿਰ ਉਸਦਾ ਨਈਂ ਸਰਦਾ।
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ।


ਚਰਨਜੀਤ ਸਿੰਘ ਰੰਧਾਵਾ 9465749144 
email: randhawa.charanjeet@yahoo.com

ਅਮਰਦੀਪ ਸਿੰਘ ਗਿੱਲ

ਮਹਾਂਨਾਇਕ ਮੁਖਾਤਿਬ ਨੇ......

ਰਾਂਝੇ ਦਾ ਕੀ ਐ !
ਉਹ ਤਾਂ ਜਦੋਂ ਜੀਅ ਕੀਤਾ
ਜੋਗੀ ਹੋ ਕੇ ਜਾ ਚੜੇਗਾ
ਇਸ਼ਕ ਪਰਬਤ ਦੇ ਸਿਖਰੀਂ !
ਤੇ ਜੋਗੀਆਂ ਦਾ ਵੀ ਕੀ ਐ !
ਉਹ ਤਾਂ ਕਦੋਂ ਵੀ
ਉੱਤਰ ਆਉਣਗੇ ਪਹਾੜੋਂ
ਕਿਸੇ ਚਰਖੇ ਦੀ ਘੂਕ ਸੁਣ !
ਪਰ ਸਾਡਾ ਕੀ ਹੋਵੇਗਾ ਯਾਰੋ ?
ਸਾਡੇ ਸੀਨੇ ਤਾਂ ਕਦੇ ਵੀ ਨਾ ਵੱਜੀ
ਭਾਬੀਆਂ ਦੇ ਤਾਅਨੇ ਦੀ ਬਰਛੀ
ਕਿ ਅਸੀਂ
ਕੱਛੇ ਵੰਝਲੀ ਤੇ ਮੋਢੇ ਭੂਰੀ ਲੈ ਨਿੱਕਲ ਤੁਰਦੇ
ਬਾਗੀ ਹੋ ਕੇ ਫਰਜ਼ਾਂ ਤੋਂ !
ਸਾਡੀ ਤਾਂ ਹਮੇਸ਼ਾਂ ਹੀ ਘਰ 'ਚ
ਸਾਹੇ-ਲੱਤ ਬੰਨੀ ਰੱਖੀ
ਬਾਪੂ ਦੇ ਕਰਜ਼ਾਂ ਦੇ ਨਿਓਲ ਨੇ,
ਸਾਡਾ ਕਿੱਸਾ ਕੌਣ ਲਿਖੇਗਾ ?
ਜਿੰਨਾਂ ਦੇ ਹੁੰਗਾਰੇ -
ਨਾ ਕਦੇ ਹੂਕ ਬਣ ਸਕੇ ਨਾ ਹੌਂਕੇ ,
ਜਿੰਨਾਂ ਦੇ ਇੱਕ ਮੋਢੇ ਤੇ
ਘਰ ਦੀ ਸਰਦਲ ਟਿਕੀ ਰਹੀ
ਤੇ ਦੂਜੇ ਤੇ ਬਾਲ ਨਾਥ ਦਾ ਟਿੱਲਾ ,
ਅਸੀਂ ਕਿਸ ਦੇ ਹਿੱਸੇ ਆਵਾਂਗੇ ?
ਅਸੀਂ ਕਿ ਜਿੰਨਾਂ ਦੇ ਹਿੱਸੇ
ਹੀਰ ਨਾਲ ਮੁਲਾਕਾਤਾਂ ਨਹੀਂ
ਸਗੋਂ ਮਹਿਜ਼ ਉਸਦੀ ਉਡੀਕ ਹੀ ਆਈ !
ਸਾਨੂੰ ਕਿ ਜਿੰਨਾਂ ਨੂੰ
ਹੀਰ ਮਿਲਣ ਤੋਂ ਪਹਿਲਾਂ ਹੀ
ਪੈਰ ਪੈਰ ਤੇ ਮਿਲਦੇ ਰਹੇ ਕੈਦੋਂ
ਤੇ ਉਹ ਵੀ ਤਖਤ-ਹਜ਼ਾਰੇ ਰਹਿੰਦਿਆਂ ਹੀ ,
ਸਾਡੀ ਕਹਾਣੀ ਕੌਣ ਲਿਖੇਗਾ ?
ਜਿੰਨਾਂ ਦੇ ਬੁੱਲਾਂ ਤੇ ਤਮਾਮ ਉਮਰ
ਵੰਝਲੀ ਦੀ ਥਾਂ ਗਾਲ੍ਹਾਂ ਹੀ ਰਹੀਆਂ !
ਅਸੀਂ ਕਿ ਜੋ ਚਾਹ ਕੇ ਵੀ
ਹਿੱਕ ਦੇ ਜ਼ੋਰ ਤੇ
ਕੱਢ ਕੇ ਨਾ ਲੈ ਜਾ ਸਕੇ
ਆਪਣੀਆਂ ਰੀਝਾਂ ਦੀ ਸਾਹਿਬਾਂ ,
ਕਿਉਂਕਿ ਕਿੱਸੇ ਦੇ ਅੰਤ ਲਈ
ਜਰੂਰੀ ਸੀ ਜੰਡ ਹੇਠ ਮਰਨਾ ਸਾਡਾ ,
ਤੇ ਬੱਸ ਇੱਥੇ ਹੀ ਬਦਲ ਗਏ ਸੰਕਲਪ
ਨਾ ਤਾਂ ਇਹ ਮੌਤ ਹੀ ਪਸੰਦ ਸੀ ਸਾਨੂੰ
ਤੇ ਨਾ ਹੀ ਵਕਤ ਸੀ ਸਾਡੇ ਕੋਲ
ਜੰਡ ਹੇਠ ਸੌਣ ਦਾ !
ਅਸੀਂ ਨੀਦਾਂ 'ਚ ਵੀ ਜਾਗਣ ਵਾਲੇ ਲੋਕ
ਆਮ ਆਦਮੀਆਂ ਤੋਂ ਡਰਦੇ ਡਰਾਉਂਦੇ
ਭੁੱਲ ਗਏ ਖੁਦਾ ਨੂੰ ਡਰਾਉਣ ਦੀ ਤਾਕਤ !
ਸਾਨੂੰ ਤਾਂ ਜਦ ਰਿਹਾ ਹੀ ਨਾ
ਆਪਣੇ ਆਪ ਤੇ ਵਿਸ਼ਵਾਸ,
ਫਿਰ ਆਪਣੀ ਬੱਕੀ ਤੇ
ਕਿਹੜੇ ਮੂੰਹ ਨਾਲ ਸ਼ਰਤਾਂ ਲਾਉਂਦੇ ਅਸੀਂ ?
ਸਾਡੇ ਗੀਤ ਕੌਣ ਗਾਵੇਗਾ ਦੋਸਤੋ ?
ਸਾਨੂੰ ਕਿ ਜਿੰਨਾਂ ਨੂੰ
ਚਾਹ ਤਾਂ ਬਹੁਤ ਸੀ
ਕਿਸੇ ਸੋਹਣੀ ਨੂੰ ਦਿਲ ਦਾ ਮਾਸ ਖਵਾਉਣ ਦੀ ,
ਪਰ ਸਾਡੀ ਕੁੱਲੀ ਤੱਕ ਕੋਈ ਨਾ ਪਹੁੰਚਿਆ
ਕੋਈ ਸੋਹਣੀ ਨਾ ਆਈ
ਕੱਚੇ ਤੇ ਤਰ ਕੇ ਸਾਨੂੰ ਮਿਲਣ !
ਸੋਹਣੀਆਂ ਸ਼ਾਇਦ ਦਿਲ ਦਾ ਨਹੀਂ
ਪੱਟ ਦਾ ਮਾਸ ਖਾਣ ਲਈ ਹੀ ਆਉਂਦੀਆਂ ਨੇ !
ਜਦਕਿ ਸਾਨੂੰ ਖੁਦ ਹੀ ਝਨਾਂ
ਕੱਚੇ ਤੇ ਤਰਨਾ ਹੀ ਨਹੀਂ ਪਿਆ
ਸਗੋਂ ਕੱਚੇ 'ਚ ਭਰਨਾ ਵੀ ਪਿਆ ਹੈ ,
ਸਾਨੂੰ ਕੌਣ ਬਣਾਵੇਗਾ
ਆਪਣੀ ਗਾਥਾ ਦੇ ਨਾਇਕ ?
ਅਸੀਂ ਕਿ ਜਿੰਨਾਂ ਨੂੰ ਸ਼ਰਾਬੀ ਕਰ
ਪੁਨੂੰ ਵਾਂਗ ਬੇਹੋਸ਼ੀ ਦੀ ਹਾਲਤ 'ਚ
ਊਠ ਤੇ ਲੱਦ ਕੇ ਨਹੀਂ ਲਿਜਾਣਾ ਪਿਆ
ਰਾਤ ਦੇ ਹਨ੍ਹੇਰੇ 'ਚ
ਸੱਸੀ ਦੀ ਸੇਜ ਤੋਂ ਚੁੱਕ ਕੇ ,
ਅਸੀਂ ਤਾਂ ਸਗੋਂ ਖੁਦ ਹੀ-
ਅੱਧੀ-ਰਾਤੇ ਬੇਖਬਰ ਸੁੱਤੀ ਸੱਸੀ ਨਾਲੋਂ
ਉੱਠ ਕੇ ਚੋਰੀ ਚੁੱਪ-ਚੁੱਪੀਤਿਆਂ
ਨੰਗੇ ਪੈਰੀਂ ਭੱਜ ਆਉਂਦੇ ਰਹੇ ,
ਬਾਕੀ ਬੱਚਦੀ ਅੱਧੀ ਰਾਤ ਮਾਨਣ ਲਈ
ਆਪਣੀ ਪਤਨੀ ਦੀ ਸੇਜ ਨੂੰ !
ਸਾਡੀ ਕੀ ਵਰਗ ਵੰਡ ਕਰੋਗੇ ਸਾਥੀਓ ?
ਸਾਡੇ ਲਈ ਤਾਂ ਹਮੇਸ਼ਾਂ
ਇੱਕੋ ਜਿਹੀਆਂ ਰਹੀਆਂ
ਰਜਨੀਸ਼ ਤੇ ਮਾਰਕਸ ਦੀਆਂ ਦਾਹੜੀਆਂ !
ਅਸੀਂ ਕਿ ਜੋ ਚਾਹੁੰਦੇ ਤਾਂ ਰਹੇ ਸੁਕਰਾਤ ਬਣਨਾ
ਪਰ ਕਦੇ ਪੀ ਨਾ ਸਕੇ
ਸ਼ਰਾਬ ਤੋਂ ਕੌੜਾ ਕੋਈ ਵੀ ਜ਼ਹਿਰ ,
ਸਾਨੂੰ ਰੋਟੀ ਖਾਂਦਿਆਂ ਨੂੰ ਪਾਣੀ ਦੇਣ ਆਈ
ਮਾਂ ਦੇ ਹੱਥਾਂ 'ਚ ਫੜੇ ਗਲਾਸ ਨੂੰ
ਨਜ਼ਰ-ਅੰਦਾਜ਼ ਕਰ !
ਤੇ ਬੱਸ ਸਤੁੰਸ਼ਟ ਹੋ ਗਏ ਇੰਨੇ ਨਾਲ ਹੀ
ਕਿ ਅਸੀਂ ਰੱਖ ਦਿੱਤਾ "ਸੁਕਰਾਤ"
ਆਪਣੇ ਬੱਚੇ ਦਾ ਨਾਂਅ !
ਪਰ ਸਿਰਫ ਇੰਨੇ ਨਾਲ ਹੀ
ਸਾਡਾ ਜ਼ਿਕਰ ਕੌਣ ਕਰੇਗਾ ਸਾਡੇ ਬਾਅਦ ?
ਅਸੀਂ ਤਾਂ ਚਾਹੁੰਦੇ ਸਾਂ
ਕਿ ਕਰ ਜਾਈਏ ਬਹੁਤ ਕੁੱਝ ਅਮਰ ਹੋਣ ਲਈ !
ਪਰ ਇੰਨਾਂ ਹੀ ਕੋਸ਼ਿਸਾਂ ਵਿੱਚਕਾਰ
ਭਚੀੜੇ ਗਏ ਸਦਾ
ਸਾਡੇ ਜਿਉਣ ਦੇ ਚਾਅ ਵੀ
ਤੇ ਮਰਨ ਦੀਆਂ ਰੀਝਾਂ ਵੀ !
ਅਸੀਂ ਥੋੜਾ ਥੋੜਾ ਜਿਉਂਦੇ
ਥੋੜਾ ਥੋੜਾ ਮਰਦੇ
ਜਿਉਂਦੇ ਰਹੇ ਚੱਟਣੀ ਜ਼ਿੰਦਗੀ !
ਅਸੀਂ ਜਿੰਨਾਂ ਬਹੁਤ ਵੇਰ ਚਾਹਿਆ
ਕਿ ਬੀਜਾ ਬਣ ਕਰ ਦੇਈਏ
ਆਪਣੀ ਪਤਨੀ ਨੂੰ ਕੌਲਾਂ ਵਾਂਗ ਦਰ-ਬ-ਦਰ ,
ਪਰ ਅਫਸੋਸ-
ਸਾਡੀ ਗੈਰ-ਹਾਜ਼ਰੀ 'ਚ ਸਾਡੇ ਘਰ
ਕੋਈ ਨਹੀਂ ਆਇਆ ਕਦੇ ,
ਕੰਮਬਖਤ ਕਿਸੇ ਮਹਾਰਾਜੇ ਨਾਲ
ਯਾਰੀ ਨਹੀਂ ਸੀ ਸਾਡੀ ,
ਸਾਡੀ ਗੈਰਹਾਜ਼ਰੀ 'ਚ ਸਾਡੀ ਉਡੀਕ ਹੀ
ਬਣੀ ਰਹੀ ਸਾਡੀ ਪਤਨੀ ਦੇ
ਆਜ਼ਾਰਬੰਦ ਦੀ ਗੋਲ-ਗੰਢ !
ਸਾਨੂੰ ਤਾਂ ਹਰ ਵੇਰ ਜੇ ਲੱਭੀ
ਆਪਣੀ ਪਤਨੀ ਦੇ ਬਿਸਤਰ ਚੋਂ
ਤਾਂ ਆਪਣੀ ਹੀ ਪਿੱਤਲ ਦੀ ਮੁੰਦਰੀ ਲੱਭੀ ,
ਅਸੀਂ ਤਾਂ ਹਰ ਵੇਰ ਜੇ ਵੇਖੇ
ਤਾਂ ਆਪਣੀ ਪਤਨੀ ਦੇ ਜਿਸਮ ਤੇ
ਆਪਣੇ ਹੀ ਘਰੂਟਾਂ ਦੇ ਨਿਸ਼ਾਨ ਵੇਖੇ !
ਸਾਡੇ ਕਿੱਸੇ ਕੌਣ ਸਿਰਜੇਗਾ ਯਾਰੋ ?
ਅਸੀਂ ਜੋ ਨਾ ਪੂਰਨ ਬਣ ਸਕੇ ਨਾ ਰਸਾਲੂ ,
ਅਸੀਂ ਤਾਂ ਆਪਣੀ ਲੂਣਾ ਮਾਂ ਦੀ
ਹਰ ਇੱਛਾ ਪੂਰੀ ਕਰਨੀ ਮੰਨ ਲਈ ,
ਤੇ ਕਿਸੇ ਨੂੰ ਕੁੱਝ ਕਹੇ ਬਿਨਾਂ
ਸਮਝੌਤਿਆਂ ਨੂੰ ਸਾਹ ਬਣਾ ਲਿਆ !
ਉਸਦੀ ਇੱਛਾ ਨੂੰ ਠੁਕਰਾਅ
ਸਾਥੋਂ ਪੁੱਤਰ-ਧਰਮ ਨਾ ਪਾਲਿਆ ਗਿਆ !
ਸ਼ਾਇਦ ਡਰਦੇ ਰਹੇ ਅਸੀਂ
ਆਪਣੇ ਜ਼ਿਸਮ ਦੇ ਟੋਟੇ ਹੋਣ ਤੋਂ
ਤੇ ਫਿਰ ਸਾਧ ਹੋਣ ਤੋਂ !
ਨਾਲ ਦੀ ਨਾਲ ਜੱਗ-ਹੱਸਾਈ ਵੀ ਨਾ
ਕਰਵਾ ਸਕੇ ਅਸੀਂ ਪਾਕਿ-ਪਵਿੱਤਰ ਰਿਸ਼ਤਿਆਂ ਦੀ !
ਕੌਣ ਲਿਖੇਗਾ ਸਾਡਾ ਮਹਾਂ-ਕਾਵਿ ?
ਅਸੀਂ ਕਿ ਜੋ ਲੈ ਸਕਦੇ ਸਾਂ ਸੀਤਾ ਵਾਂਗ
ਆਪਣੀ ਪਤਨੀ ਦੀ ਅਗਨੀ-ਪ੍ਰੀਖਿਆ ,
ਦੇ ਸਕਦੇ ਸਾਂ ਉਸਨੂੰ ਬਨਵਾਸ !
ਪਰ ਸਾਥੋਂ ਖੁਦ ਕਦੇ ਵੀ
ਰਾਮ ਨਾ ਬਣਿਆ ਗਿਆ !
ਸਾਡੀ ਇੱਕ ਅੱਖ 'ਚੋਂ ਹਮੇਸ਼ਾਂ ਹੀ
ਰਾਮ ਵੇਖਦਾ ਰਿਹਾ
ਤੇ ਦੂਜੀ ਚੋਂ ਰਾਵਣ ਝਾਕਦਾ ਰਿਹਾ !
ਸਾਡੇ ਕੰਨਾਂ 'ਚ ਵੀ ਹਮੇਸ਼ਾਂ
ਆਪਣੀ ਹੀ ਕੁਰਲਾਹਟ ਗੂੰਜਦੀ ਰਹੀ
ਕਦੇ ਨਹੀ ਗੂੰਜੀ ਕਿਸੇ ਧੋਬੀ ਦੀ ਬੋਲੀ !
ਅਸੀਂ ਕਿ ਜੋ ਨਾ ਰਾਜਕੁਮਾਰ ਸਾਂ
ਨਾ ਹੀ ਸ਼ਹਿਨਸ਼ਾਹ ,
ਤੇ ਨਾ ਹੀ ਕੋਈ ਫਰਿਸ਼ਤੇ ,
ਫੇਰ ਸਾਨੂੰ ਬੋਲੀ ਮਾਰਦਾ ਵੀ ਕੌਣ ?
ਅਸੀਂ ਕਿ ਜੋ ਨਾ ਯੋਧੇ ਬਣ ਸਕੇ ਨਾ ਫਕੀਰ ,
ਨਾ ਆਸ਼ਕ , ਨਾ ਸਾਦਿਕ
ਤੇ ਨਾ ਹੀ ਨਾਇਕ-ਖਲਨਾਇਕ !
ਫੇਰ ਸਾਡੀ ਗੱਲ ਕਦੋਂ ਤੁਰੇਗੀ ਯਾਰੋ ?
ਅਸੀਂ ਜੋ ਲੜਦੇ ਰਹੇ
ਰਸੋਈਆਂ ਦੀ ਮਹਾਂਭਾਰਤ !
ਦਰੋਪਦੀ ਕਦੇ ਸਾਡੀ ਮਾਂ ਬਣੀ
ਕਦੇ ਭੈਣ , ਕਦੇ ਭਾਬੀ , ਕਦੇ ਬੇਟੀ
ਤੇ ਕਦੇ ਪਤਨੀ !
ਅਸੀਂ ਸੁਜਾਖੇ ਧਰਿੱਤਰਾਸ਼ਟਰ
ਆਪਣੇ ਇੱਕ ਹੱਥ ਕੌਰਵ
ਇੱਕ ਹੱਥ ਪਾਂਡਵ ਲਈਂ
ਖੁਦ ਹੀ ਹਾਰਦੇ ਰਹੇਦਰੋਪਦੀ ਨੂੰ ਜੂਏ ਵਿੱਚ !
ਖੁਦ ਹੀ ਕਰਦੇ ਰਹੇ
ਉਸਦਾ ਵਸਤਰ-ਹਰਨ !
ਖੁਦ ਹੀ ਆਪਣੇ ਹਿੱਤਾਂ ਦੀ ਪੂਰਤੀ ਲਈ-
ਕਦੇ ਭੀਸ਼ਮ ਬਣੇ , ਕਦੇ ਵਿਦੁਰ , ਕਦੇ ਦਰੋਣਾਚਾਰੀਆ ,
ਕਦੇ ਯੁਧਿਸ਼ਟਰ , ਕਦੇ ਦੁਰਯੋਧਨ ,
ਕਦੇ ਅਰਜੁਨ ਤੇ ਕਦੇ ਦੁਸ਼ਾਸ਼ਨ !
ਸ਼ਰੀਕਾਂ ਦੀ ਮੁੱਛ ਹੀ ਸਦਾ-
ਬਣੀ ਰਹੀ ਸਾਡੇ ਲਈ ਮੱਛੀ ਦੀ ਅੱਖ !
ਬਹੁਤ ਵੇਰ ਏਕਲਵਿਆ ਵੀ-
ਸਾਡਾ ਮਾਂ ਜਾਇਆ ਵੀਰ ਸੀ ਤੇ ਕਰਨ ਵੀ !
ਸਾਡੀ ਕਥਾ ਕਿਵੇਂ ਬਣ ਸਕਦੀ ਹੈ ਮਹਾਂਗ੍ਰੰਥ ?
ਸਾਡਾ ਜ਼ਿਕਰ ਕੌਣ ਛੇੜੇਗਾ ?
ਅਸੀਂ ਕਿਸ ਵਾਰ ਦੇ ਬਣਾਂਗੇ ਮਹਾਂਨਾਇਕ ?
ਕਿਸ ਕਾਲ-ਖੰਡ ਦੇ ਹਿੱਸੇ ਆਵਾਂਗੇ ਅਸੀਂ ?
ਕੌਣ ਲਿਖੇਗਾ ਸਾਡਾ ਇਤਿਹਾਸ ?
ਯਾਰੋ ਅਸੀਂ ਸੁਭਾਵਿਕ ਹੀ
ਮੁਖਾਤਿਬ ਹਾਂ ਹੁਣ ਤਾਂ ਐਵੇਂ ਬੱਸ....!

ਅਮਰਦੀਪ ਸਿੰਘ ਗਿੱਲ

ਅਮਰਜੀਤ ਢਿੱਲੋਂ

ਹੁਸਨ

ਹੁਸਨ ਹਮੇਸ਼ਾ ਸੁਹਣਾ ਲਗਦੈ ਪਰਦੇ ਵਿਚ। ਖਿੜਿਆ ਹੋਵੇ ਜਿਵੇਂ ਮੋਤੀਆ ਘਰ ਦੇ ਵਿਚ।

ਕੀ ਹੋਇਆ ਜਾ ਸਕਦੇ ਨਹੀਂ ਪਹਾੜਾਂ 'ਤੇ ਆਪਣੀ ਛੱਤ 'ਤੇ ਘੁੰਮਾਂਗੇ ਮੀਂਹ ਵਰ•ਦੇ ਵਿਚ।

ਆਏਂ ਨਾ ਹੋ ਜਾਵੇ ,ਕਿਤੇ ਇਉਂ ਨਾ ਹੋ ਜਾਵੇ ਬਹੁਤੇ ਲੋਕ ਜਿਉਂਦੇ ਨੇ ਇੰਜ ਡਰ ਦੇ ਵਿਚ।

ਸ਼ੋਖ਼ ਰੰਗਾਂ ਦੇ ਇਕ ਤਸਵੀਰ ਬਣਾ ਲਈ ਮੈਂ ਤੂੰ ਵੀ ਕੁਝ ਸੁਪਨਿਆਂ ਦੇ ਰੰਗ ਭਰ ਦੇ ਵਿਚ।

ਖ਼ੁਦ ਉਤੇ ਹੀ ਭਰੋਸਾ ਕਰਨਾ ਸਿਖ ਐ ਦੋਸਤ ਕੀ ਰਖਿਆ ਤੋਤੇ ਰੱਟ ਦੀ ਹਰ ਹਰ ਦੇ ਵਿਚ।

ਆਪਣੀ ਮਿੱਟੀ 'ਤੇ ਚੱਲ ਨਹੀਂ ਤਿਲਕੇਂਗਾ ਰਿਹਾ ਧਿਆਨ ਤੇਰਾ ਜੇ ਸੰਗਮਰਮਰ ਦੇ ਵਿਚ।

ਸੈਂਸਰ ਹੋਏ ਖ਼ਤ ਵਾਂਗੁ ਦੋਸਤ ਮਿਲਦੇ ਨੇ ਸਿਮਟੇ ਰਹਿੰਦੇ ਆਪਣੇ ਹੀ ਖੋਲ ਦੇ ਪਰਦੇ ਵਿਚ।

ਢਿੱਲੋਂ ਡਿਗਾਂਗੇ ਪੱਕੀ ਦੀਵਾਰ ਤਰਾਂ ਆਪਾਂ ਕੱਚੀ ਕੰਧ ਦੇ ਵਾਂਗ ਨਹੀਂ ਖਰਦੇ ਖਰਦੇ ਵਿਚ।
ਅਮਰਜੀਤ ਢਿੱਲੋਂ

ਗੁਰਲਾਭ ਸਿੰਘ

ਆ ਦਿਲਬਰ


ਆ ਦਿਲਬਰ ਹੁਣ ਆਪਾਂ ਹਮਸਫ਼ਰ ਹੋ ਜਾਈਏ,

ਇਸ ਨਾਪਾਕ ਦੁਨਿਆ ਤੋਂ ਬੇਖ਼ਬਰ ਹੋ ਜਾਈਏ।



ਹਿਜਰਾਂ 'ਚ ਧੁੱਖਦੀ ਇਹ ਜ਼ਰਦ ਖਿਜ਼ਾ ਵਿਚ,

ਵਸਲਾਂ ਦਾ ਹਰਾ ਭਰਾ ਇੱਕ ਸ਼ਜਰ ਹੋ ਜਾਈਏ।



ਜਾਂ ਤਾਂ ਮਿਲੇ ਸ਼ਾਦਾਬ ਕਿਨਾਰਾ ਦਿਲਾਂ ਨੂੰ,

ਨਹੀ ਸੋਚਾਂ ਨਾਲ ਘਿਰਿਆ ਭੰਵਰ ਹੋ ਜਾਈਏ।



ਹੀ ਜਾਈਏ ਮੰਜ਼ਿਲ ਆਪਾਂ ਇੱਕ ਦੂਜੇ ਦੀ, ਜਾਂ,

ਕਦੇ ਨਾ ਮੁਕਦੀ ਪੰਧ ਦਾ ਸਫ਼ਰ ਹੋ ਜਾਈਏ ।



ਵਸਲ ਦੀ ਪਿਆਸ ਨਾ ਤੋੜੇ ਹੌਂਸਲਾ ਜੋ,

ਕਰਬਲਾ ਦੇ “ਹੁਸੈਨ” ਜਿਹਾ ਸਬਰ ਹੋ ਜਾਈਏ।

ਗੁਰਲਾਭ ਸਿੰਘ 09501101693  



ਖਿਜ਼ਾ- ਪਤਝੜ, ਸ਼ਜਰ- ਰੁੱਖ, ਹਿਜਰਾਂ- ਜੁਦਾਈ
ਸ਼ਾਦਾਬ- ਤਾਜ਼ਾ ਪੰਧ- ਰਸਤਾ,ਵਸਲ- ਮਿਲਾਪ


ਭੁਪਿੰਦਰ ਪੰਨੀਵਾਲੀਆ

ਕਿਤਾਬਾਂ
ਕਿਤਾਬਾਂ ਮੇਰੇ ਨਾਲ ਸੌਂਦੀਆਂ
ਤੇ ਮੇਰੇ ਨਾਲ ਹੀ ਉਠਦੀਆਂ
ਕਿੰਨਾ ਮੋਹ ਕਰਦੀਆਂ ਨੇ
... ਮੈਨੂੰ ਕਿਤਾਬਾਂ।

ਸ਼ਿਵ ਦੀ ਲੂਣਾ,
ਪਾਸ਼ ਦੀ ਉਡਦੇ ਬਾਜਾਂ ਮਗਰ
ਨਾਨਕ ਸਿੰਘ ਦਾ ਚਿੱਟਾ ਲਹੂ,
ਗੁਰਦਿਆਲ ਸਿੰਘ ਦਾ ਪਰਸਾ
ਸੰਤ ਰਾਮ ਉਦਾਸੀ ਦੇ ਗੀਤ,
ਅੰਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟ
ਰਸੂਲ ਹਮਜਾਤੋਵ ਦੀ ਮੇਰਾ ਦਾਗਿਸਤਾਨ
ਮੈਕਸਿਮ ਗੋਰਕੀ ਦੀ ਮਾਂ
ਪੋਲੋਵੇਈ ਦੀ ਅਸਲੀ ਇਨਸਾਨ ਦੀ ਕਹਾਣੀ
ਤੇ ਹੋਰ ਹਜ਼ਾਰਾਂ ਹੀ ਕਿਤਾਬਾਂ ਨੇ ਮੇਰੀਆਂ ਹਾਣੀ
ਜੋ ਵਸਦੀਆਂ ਨੇ
ਮੇਰੇ ਜਿਹਨ 'ਚ।

ਮੈਂ ਖਰੀਦਦਾ ਹਾਂ
ਹਰ ਮਹੀਨੇ ਅਨੇਕ ਕਿਤਾਬਾਂ
ਤਾਂ ਕਿ ਕਿਤਾਬਾਂ ਦਾ ਕਾਫ਼ਲਾ
ਹੋ ਜਾਵੇ ਹੋਰ ਵੱਡਾ
ਤੇ ਕਿਸੇ ਵੀ ਮਨ ਲੱਗੀ ਕਿਤਾਬ ਲਈ
ਮੈਨੂੰ ਜਾਣਾ ਨਾ ਪਵੇ ਲਾਈਬ੍ਰੇਰੀ
ਕਈ ਆਖਦੇ ਨੇ
ਇਹ ਕਿਹਾ ਝੱਲਾਪਨ ਹੈ ਤੇਰਾ
ਪਰ ਸੱਚ ਜਾਣਿਓ
ਮੇਰੀਆਂ ਕਿਤਾਬਾਂ ਨੇ
ਮੈਨੂੰ ਜਾਨੋਂ ਪਿਆਰੀਆਂ।

ਕੁੱਝ ਕਿਤਾਬਾਂ ਮੈਨੂੰ ਦਿੰਦੀਆਂ ਨੇ
ਮਾਂ ਵਰਗਾ ਪਿਆਰ
ਤੇ ਕੁੱਝ ਮਹਿਬੂਬ ਜਿਹਾ ਅਹਿਸਾਸ
ਕਿਤਾਬਾਂ ਮੇਰੀਆਂ ਮਾਰਗ ਦਰਸ਼ਕ
ਮੈਨੂੰ ਸਦਾ ਦਿੰਦੀਆਂ ਨੇ ਸੇਧ
ਕਈ ਵਾਰ ਜਦ ਹੋ ਜਾਂਦਾ ਹਾਂ ਨਿਰਾਸ਼
ਤੇ ਲਗਦੀ ਹੈ ਜ਼ਿੰਦਗੀ ਦੀ ਬਾਜੀ ਹਰਦੀ
ਤਾਂ ਕਿਤਾਬਾਂ ਹੀ ਨੇ ਜੋ ਮੈਨੂੰ ਖੜਾ ਹੋ
ਮੁੜ ਸੰਘਰਸ਼ ਕਰਨ ਲਈ ਹਨ ਪ੍ਰੇਰਦੀਆਂ
ਇਸ ਲਈ ਮੈਂ ਸਦਾ ਰਿਣੀ ਰਹਾਂਗਾ
ਇਹਨਾਂ ਕਿਤਾਬਾਂ ਦਾ।

ਕਿਤਾਬਾਂ ਮੇਰੇ ਨਾਲ ਸੌਂਦੀਆਂ
ਤੇ ਮੇਰੇ ਨਾਲ ਹੀ ਉਠਦੀਆਂ
ਕਿੰਨਾ ਮੋਹ ਕਰਦੀਆਂ ਨੇ
ਮੈਨੂੰ ਕਿਤਾਬਾਂ।
**** ****

ਇਹ ਮੇਰਾ ਗੀਤ
ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ
।
ਜਰਵਾਣਿਆਂ ਦੇ ਹੱਥੋਂ ਜਿਨਸਾਂ ਉਧਾਲ਼ੀਆਂ ਦੇ ਨਾਂ
।


ਹਾਲੀ ਅਤੇ ਪਾਲੀ ਦੋਵੇਂ ਜ਼ਿੰਦਗੀ ਦਾ ਹੁੰਦੇ ਨੇ ਆਧਾਰ ਨੇ,
ਕਿਓਂ ਦੋਵੇਂ ਹੀ ਵਿਚਾਰੇ ਜਿਉਂਦੇ ਜ਼ਿੰਦਗੀ ਲਾਚਾਰ ਨੇ,
ਕੱਕਰਾਂ 'ਚ ਗੁਜ਼ਾਰੀਆਂ ਰਾਤਾਂ ਸਿਆਲੀਆਂ ਦੇ ਨਾਂ
।

ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ
।

ਦਲਾਲ ਜਰਵਾਣੇ ਸਦਾ ਜਿਨਸਾਂ ਨੂੰ ਉਧਾਲ਼ਦੇ,
ਲੁੱਟ ਲੈਂਦੇ ਮਿਹਨਤਾਂ ਸਦਾ ਧਨ ਰਹਿਣ ਭਾਲਦੇ,
ਕਾਮਿਆਂ 'ਤੇ ਵਰਪਾਈਆਂ ਰਾਤਾਂ ਕਾਲੀਆਂ ਦੇ ਨਾਂ
।
ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ
।

ਹਾਲ਼ੀ ਅਤੇ ਪਾਲ਼ੀ ਦੋਵੇਂ ਰੂਪ ਹੁੰਦੇ ਰੱਬ ਦਾ,
ਮਿਹਨਤਾਂ ਦੇ ਨਾਲ ਢਿੱਡ ਭਰਦੇ ਨੇ ਜੱਗ ਦਾ,
ਤੰਗੀ ਅਤੇ ਤੁਰਸੀ 'ਚ ਜਿੰਦਾਂ ਗਾਲ਼ੀਆਂ ਦੇ ਨਾਂ
।
ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ
।

ਹਾਲ਼ੀ ਅਤੇ ਪਾਲ਼ੀ ਦੋਵੇਂ ਹੀ ਹੱਕਦਾਰ ਸਨਮਾਨ ਦੇ,
ਤਾਂਹੀਓਂ ਲੋਕੀ ਆਖਦੇ ਨੇ ਇਹ ਰੂਪ ਭਗਵਾਨ ਦੇ,
ਫਸਲਾਂ ਦੇ ਝਾੜ ਲਈ ਮੁਸੀਬਤਾਂ ਜਾਲ਼ੀਆਂ ਦੇ ਨਾ
।
ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ
।
(ਇਹ ਗੀਤ ਭੁਪਿੰਦਰਜੀ ਦੇ ਗੀਤ ਸੰਗ੍ਰਹਿ' ਬ੍ਰਿਹੋਂ ਭਿੱਜਾ ਗੀਤ' ਵਿਚੋਂ ਹੈ)
ਭੁਪਿੰਦਰ ਪੰਨੀਵਾਲੀਆ

ਰਵੀ ਸਚਦੇਵਾ

ਸ਼ਗਨ
ਅੱਜ ਸਵੇਰ ਦਾ ਮੀਹ ਪੈ ਰਿਹਾ ਸੀ। ਨਿੱਕੀਆਂ-ਨਿੱਕੀਆਂ ਕਣੀਆਂ। ਅੱਧੀ ਰਾਤ ਲੰਘ ਚੁੱਕੀ ਸੀ। ਪਰ ਨੀਂਦ ਮੇਰੇ ਤੌਂ ਕੋਹਾਂ ਦੂਰ ਸੀ। ਵਾਰ-ਵਾਰ ਪਾਸੇ ਪੱਲਟ ਰਹੀ ਸਾਂ। ਅਚਾਨਕ ਖੜ੍ਹਕਾ ਹੋਇਆ। ਮੈਂ ਉੱਠਦੇ ਹੀ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ। ਖੜ੍ਹਕਾ ਫਿਰ ਹੋਇਆ। ਇੱਕ ਵੱਟਾ ਮੇਰੇ ਪੈਰਾਂ ਕੋਲ ਆਕੇ ਡਿੱਗਿਆ। ਪਹਿਲਾ ਤਾਂ ਮੈਂ ਡਰ ਗਈ। 'ਤੇ ਫਿਰ……ਮੈਂ ਸਮਝ ਗਈ। ਚੰਗਾ ਸ਼ਗਨ ਸੀ। ਉਹ ਇੱਕ ਪਿਆਰਾ ਸ਼ੈਤਾਨ ਸੀ। ਮੇਰਾ ਗੁਆਢੀ। ਘਰ ਦੇ ਬੂਹੇ ਆਹਮੋ ਸਾਹਮਣੀ। ਉਹ ਕੁਆਰਾ 'ਤੇ ਮੈਂ ਵਿਆਹੀ ਇੱਕ ਪਰਬਲ ਲਾਟ……,ਹਰ ਰੋਜ਼ ਬਲਦੀ ਸਾਂ। ਬੁਝਾਉਣ ਵਾਲਾ ਵਤਨੋ ਪਾਰ। ਮੈਂ ਉਡੀਕ ਕਰਦੀ ਹਾਂ ਉਸਦੇ ਵਿਦੇਸ਼ੋ ਪਰਤਨ ਦੀ। ਪਰ ਉਸਨੂੰ ਸ਼ਾਇਦ…ਡੋਲਰਾ 'ਚ ਮੈਂ ਦਿਖਦੀ ਹਾਂ। ਜਾਂ ਫਿਰ ਉਸਨੇ ਕਿਸੀ ਗੋਰੀ ਨਾਲ ਡੂਗੀ ਸਾਝ ਪਾ ਰੱਖੀ ਏ। ਜਦ ਉਸ ਚਦਰੇ ਦੀ ਯਾਦ ਸਤੋਦੀ ਏ ਤਾਂ ਇਸ ਚਦਰੇ ਨੂੰ ਯਾਦ ਕਰ ਲੈਦੀ ਹਾਂ। ਟਾਇਮ ਸੌਖਾ ਲੰਘਣ ਲੱਗਦੈਂ। ਸ਼ਾਲ ਦੀ ਬੁੱਕਲ ਮਾਰ ਮੈਂ ਪੌੜੀਆਂ ਚੜ੍ਹੀ। ਉਹ ਕੋਠੇ 'ਤੇ ਖੜ੍ਹਾ ਇੱਕ ਹੋਰ ਵੱਟਾ ਮਾਰਨ ਲਈ
ਤਿਆਰ ਸੀ। ਮੈਂਨੂੰ ਵੇਖ ਕੇ ਉਹ ਰੁਕ ਗਿਆ। ਗਲੀ 'ਚ ਲੱਗੀ ਟਿਊਬ ਦੀ ਰੌਸ਼ਨੀ ਇੱਕ ਦੂਜੇ ਨੂੰ ਨਿਹਾਰਨ ਲਈ ਕਾਫੀ ਸੀ। ਕੁਝ ਸਮਾਂ ਅਸੀ ਇੱਕ ਦੂਜੇ ਦੀਆ ਅੱਖਾਂ 'ਚ ਅੱਖਾਂ ਪਾਈ ਮੂਕ ਖੜ੍ਹੇ ਰਹੇ। ਮੀਂਹ ਦੀ ਟਿੱਪ ਟਿਪਾਹਟ ਦੋਹਾ ਦੇ ਸ਼ਰੀਰ ਤੇ ਭਾਂਬੜ ਮਚਾ ਰਹੀ ਸੀ। 'ਤੇ ਠੰਡੀ ਸੀਤ ਹਵਾ ਝੁਰਝੁਰੀ ਜਿਹੀ ਮਚਾਉਦੀ ਭਾਂਬੜ ਨੂੰ ਹੋਰ ਤੇਜ ਕਰ ਰਹੀ ਸੀ। ਉਸਨੇ ਮੈਂਨੂੰ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ ਤੇ ਮੈਂ ਉਸਨੂੰ ਅੰਦਰ ਆਉਣ ਦੀ ਸਹਿਮਤੀ ਦਾ…। ਅੰਦਰ ਵੜਦੇ ਹੀ ਉਸਨੇ ਬਾਹਾਂ ਪਸਾਰ ਮੈਂਨੂੰ ਨਿਮੰਤ੍ਰਣ ਦਿੱਤਾ। ਮੈਂ ਕਦ ਉਸਦੇ ਨਾਲ ਚੁੰਬੜ ਗਈ ਪਤਾ ਹੀ ਨਾ ਲੱਗਾ……!!

ਰਵੀ ਸਚਦੇਵਾ, ਮੈਲਬੋਰਨ ਆਸਟੇ੍ਲੀਆ

ਨਿੰਦਰ ਘੁਗਿਆਣਵੀ

 ਸੁਰਗਾਂ ਨੂੰ ਜਾਣ ਹੱਡੀਆਂ....
ਲੰਡਨ ਵਾਲਾ ਚਾਚਾ ਘੁੱਦਾ ਵੀ ਬੜਾ ਕਮਾਲ ਦਾ ਬੰਦਾ ਸੀ। ਕਦੇ-ਕਦੇ ਬਹੁਤ ਚੇਤੇ ਆਉਂਦਾ ਹੈ। ਕਿਹਾ ਕਰਦਾ ਸੀ, ''ਜੇ ਤੂੰ ਮੇਰਾ ਨਾਵਲ ਨਾ ਲਿਖਿਆ ਤਾਂ ਮੇਰੇ ਬਾਰੇ ਤੇ ਆਪਣੀ ਚਾਚੀ ਬਾਰੇ ਇੱਕ ਸਟੋਰੀ ਜ਼ਰੂਰ ਲਿਖਦੀਂ...।"
ਸੋ, ਚਾਚੇ ਬਾਰੇ ਸਟੋਰੀ ਤਾਂ ਲਿਖ ਨਹੀਂ ਹੋਣੀ, ਉਸਦੀਆਂ ਕੁਝ ਯਾਦਾਂ ਹੈਗੀਆਂ ਨੇ...ਉਹੀ ਪਾਠਕਾਂ ਦੇ ਸਨਮੁਖ ਨੇ! ''ਕਿਸੇ ਦੇ ਕੀ ਢਿੱਡ ਪੀੜ ਹੁੰਦੀ ਆ...ਜੇ ਹੁੰਦੀ ਆ ਤਾਂ ਹੋਈ ਜਾਵੇ...ਮੈਂ ਤਾਂ ਸਭ ਨੂੰ ਕਹਿੰਨਾ ਆਂ ਕਿ ਮੀਤੋ ਮੇਰੀ ਗਰਲ-ਫਰੈਂਡ ਆ...ਮੇਰੀ ਗਰਲ-ਫਰੈਂਡ ਆ ਮੀਤੋ...ਮੈਂ ਤਾਂ ਸਭ ਦੇ ਸਾਹਮਣੇ ਰੱਖੀ ਆ...ਕਿਸੇ ਸਾਲੇ: ਨੂੰ ਕੀ ਤਕਲੀਫ਼ ਆ...ਜੇ ਤਕਲੀਫ਼ ਆ ਤਾਂ ਹੋਈ ਜਾਵੇ...ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨ੍ਹੀ...ਸਭ ਨੂੰ ਪਤੈ ਘੁੱਦੇ ਦੀ ਗਰਲ-ਫਰੈਂਡ ਬਾਰੇ...ਕੇਹਨੂੰ ਨ੍ਹੀ ਪਤਾ? ਮੇਰੇ ਧੀਆਂ-ਪੁੱਤਾਂ...ਦੋਹਤਿਆਂ-ਪੋਤਿਆਂ ਸਭ ਨੂੰ...ਐਥੇ ਲੰਡਨ ਵਿੱਚ ਵੀ ਤੇ ਇੰਡੀਆ ਵੀ ਸਾਰੇ ਪਿੰਡ ਨੂੰ ਪਤਾ...ਬੜੇ ਸਾਲਾਂ ਦੀ ਗੱਲ ਆ...ਇੱਕ ਦਿਨ ਮੇਰਾ ਵੱਡਾ ਮੁੰਡਾ ਤੇ ਮੈਂ ਕਿਸੇ ਪਾਰਟੀ 'ਤੇ 'ਕੱਠੇ ਹੋਏ ਆਂ...ਗਲਾਸੀਆਂ ਮਾਰੀਆਂ...ਓਦਣ ਮੁੰਡਾ ਕੁਝ ਜ਼ਿਆਦਾ ਈ ਖੁਸ਼ ਸੀ...ਮੈਨੂੰ ਪਰ੍ਹਾਂ ਲਿਜਾ ਕੇ ਕਹਿੰਦਾ...ਡੈਡ ਡੌਂਟ ਵਰੀ...ਤੁਹਾਡੀ ਪਰਸਨਲ ਲਾਈਫ਼ ਆ...ਮੈਨੂੰ ਪਤਾ ਤੁਹਾਡੀ ਗਰਲ-ਫਰੈਂਡ ਆ...ਤੁਸੀਂ ਮੇਰੇ ਤੋਂ ਸ਼ਰਮ ਖਾਂਦੇ ਰਹੇ ਓ...ਮੈਂ ਫੀਲ ਕਰਦਾ ਸੀ ਕਿ ਡੈਡ ਨੇ ਮੇਰੇ ਤੋਂ ਲੁਕੋ ਰੱਖਿਆ...ਡੈਡ...ਏਥੇ ਧੀਆਂ-ਪੁੱਤ ਵੀ ਤਾਂ ਮਾਪਿਆਂ ਤੋਂ ਲੁਕੋ ਨਹੀਂ ਰੱਖਦੇ...ਆਪਣੇ-ਆਪਣੇ ਫਰੈਂਡਾਂ ਬਾਰੇ ਦੱਸ ਈ ਦਿੰਦੇ ਆ...।"
ਘੁੱਦਾ ਚਾਚਾ ਅੱਜ ਬਹੁਤਾ ਈ ਖੁੱਲ੍ਹ ਗਿਆ ਸੀ। ਉਹਦੇ ਅੰਦਰ ਜਿਵੇਂ ਗੰਢਾਂ ਈ ਬੱਝੀਆਂ ਪਈਆਂ ਸਨ। ਕੀਹਦੇ ਕੋਲ ਕਰੇ ਉਹ ਗੱਲਾਂ? ਵਕਤ ਹੀ ਕਿਸ ਕੋਲ ਹੈ ਵਲੈਤ ਵਿੱਚ, ਕਿਸੇ ਦੀਆਂ ਸੁਣਨ ਲਈ। ਸੱਚੀਓਂ ਈ, ਏਥੇ ਹਰ ਕੋਈ ਢਿੱਡ ਨੂੰ ਗੰਢਾਂ ਦੇਈ ਫਿਰਦੈ! ਹਰ ਕੋਈ ਗਲ-ਗਲ ਤੀਕ ਭਰਿਆ ਪਿਆ ਹੈ। ਮੈਨੂੰ ਵਲੈਤ ਵਿੱਚ ਬਹੁਤ ਸਾਰੇ ਅਜਿਹੇ ਬੰਦੇ ਮਿਲੇ, ਜਦ ਉਹ ਉਧੜਦੇ ਨੇ ਤਾਂ ਉਧੜਦੇ ਹੀ ਜਾਂਦੇ ਨੇ। ਗੱਲਾਂ ਕਰਦਿਆਂ-ਕਰਦਿਆਂ ਉਹਨਾਂ ਦੇ ਮੂੰਹੋਂ ਝੱਗ ਡਿੱਗਣ ਲੱਗਦੀ ਹੈ...ਪਤਾ ਨਹੀਂ ਕਿਉਂ...? ਜਾਂ ਫਿਰ ਵਲੈਤ ਦੀ ਆਬੋ-ਹਵਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਬਹੁਤੇ ਬੰਦਿਆਂ ਦੇ ਬੁੱਲ੍ਹ ਗੱਲ ਕਰਨ ਸਮੇਂ ਝੱਗ ਛਡਦੇ ਹਨ।
ਮੈਂ ਦੇਖਿਆ, ਜਦੋਂ ਚਾਚਾ ਦਿਨੇਂ ਗੱਲਾਂ ਕਰਦੈ...ਉਦੋਂ ਉਹਦੇ ਬੁੱਲ੍ਹ ਝੱਗ ਸੁਟਦੇ ਹਨ। ਹੁਣ ਤਾਂ ਗਲਾਸੀ ਨੇ ਚਾਚੇ ਦੇ ਬੁੱਲ੍ਹਾਂ ਦੀ ਝੱਗ ਸੂਤ ਲਈ ਸੀ। ਚਾਚਾ ਸਰੂਰਿਆ ਗਿਆ ਸੀ।
ਮੇਰੇ ਕੋਲੋਂ ਉਹਨੇ ਕੁਝ ਨਹੀਂ ਲੁਕੋਇਆ। ਸਗੋਂ ਮੈਂ ਤਾਂ ਉਹਦੇ ਸਾਰੇ ਧੀਆਂ-ਪੁੱਤਾਂ ਤੋਂ ਵੀ ਬਹੁਤ ਛੋਟਾ ਹਾਂ। ਉਹਦੇ ਦੋਹਤੇ-ਪੋਤਿਆਂ ਦੀ ਉਮਰ ਦਾ।
ਚਾਚੇ ਦਾ ਨਿੱਕਾ ਨਾਂ ਘੁੱਦਾ ਹੈ। ਜਵਾਨੀ ਵੇਲੇ ਚਾਚਾ ਜਦ ਕਬੱਡੀ ਖੇਡਦਾ ਹੁੰਦਾ ਸੀ ਤਾਂ ਕਬੱਡੀ ਦੇ ਮੈਦਾਨਾਂ ਵਿੱਚ 'ਘੁੱਦਾ-ਘੁੱਦਾ' ਹੁੰਦੀ ਸੀ... 'ਅਹੁ ਆ ਗਿਆ ਵਈ ਘੁੱਦਾ...ਅਹੁ ਆ ਗਿਆ ਘੁੱਦਾ...।'
ਘੁੱਦਾ ਆਪਣੇ ਵੇਲੇ ਨੂੰ ਝੂਰ ਰਿਹਾ ਸੀ...ਕਬੱਡੀ ਦੇ ਉਸ ਸੁਨਹਿਰੀ ਵੇਲੇ ਨੁੰ! ਗੱਲਾਂ ਕਰਦਾ-ਕਰਦਾ ...ਅਤੀਤ 'ਚ ਖੋਇਆ ਚਾਚੇ ਦਾ ਮਨ ਭਰ ਆਉਂਦਾ ਹੈ।
ਮੈਨੂੰ ਹਫ਼ਤਾ ਹੋ ਗਿਆ ਹੈ ਉਹਦੇ ਕੋਲ ਆਏ ਨੂੰ। ਪਰਸੋਂ ਨੂੰ ਮੈਂ ਚਲੇ ਜਾਣਾ ਹੈ ਉਹਦੇ ਘਰੋਂ। ਚਾਚਾ ਕਹਿੰਦਾ ਹੈ, ''ਤੂੰ ਮੇਰਾ ਨਾਵਲ ਲਿਖ ਦੇ...ਲਿਖਦਾ ਕਿਉਂ ਨ੍ਹੀ ਤੂੰ ਮੇਰਾ ਨਾਵਲ...? ਦੱਸ ਮੈਨੂੰ ...ਕਿਉਂ ਨ੍ਹੀ ਲਿਖਦਾ...ਮੇਰਾ ਨਾਵਲ...ਕੀ ਲਵੇਂਗਾ ਺ਿਲਖਣ ਦਾ ਤੂੰ? ਨਕਦੋ-ਨਕਦ ਹਿਸਾਬ...ਹੁਣੇ ਦੱਸ ਮੈਨੂੰ ...ਕਿੰਨੇ ਪੌਂਡ...? ਜਿੰਨੇ ਕਹੇਂਗਾ...ਓਨੇ ਦੇਊਂ...ਪਰ ਲਿਖ ਮੇਰਾ ਨਾਵਲ...ਹੁਣੇ ਦਿਆਂ ਮੈਂ ਤੈਨੂੰ...ਬੋਲ ਕਿੰਨੇ ਪੌਂਡ ਦਿਆਂ? ਪਰ ਲਿਖ ਮੇਰਾ ਨਾਵਲ ...ਮੇਰੀ ਸਟੋਰੀ...।"
''ਨਹੀਂ ਚਾਚਾ, ਮੁਫ਼ਤੀ ਲਿਖੂੰ ਤੇਰਾ ਨਾਵਲ...ਪਰ ਲਿਖੂੰ ਆਪਣੀ ਮਰਜ਼ੀ ਨਾਲ...ਜਿਵੇਂ ਤੂੰ ਕਹੇਂਗਾ...ਹੂਬਹੂ ਉਵੇਂ ਨਹੀਂ ਲਿਖਣਾ...ਤੇਰੇ ਪੋਤੜੇ ਫੋਲੂੰਗਾ ਮੈਂ ਤਾਂ...।"
ਮੈਂ ਹੱਸਦਾ ਹਾਂ। ਘੁੱਦਾ ਚਾਚਾ ਵੀ ਹੱਸ ਪਿਆ ਹੈ। ਉਸ ਨੇ ਗਲਾਸੀ ਦੀ ਆਖ਼ਰੀ ਘੁੱਟ ਮੁਕਾਈ ਹੈ। ਮੈਂ ਖ਼ਾਲੀ ਹੋਇਆ ਪਾਣੀ ਵਾਲਾ ਨਿੱਕਾ ਜੱਗ ਭਰ ਲਿਆਇਆ ਹਾਂ।
''ਲਿਖ ਲਈਂ...ਲਿਖ ਲਈਂ...ਜਿਵੇਂ ਕੰਵਲ ਲਿਖਦਾ ਹੁੰਦਾ...ਢੁਡੀਕੇ ਵਾਲਾ ਕੰਵਲ...ਬੜੇ ਨਾਵਲ ਪੜ੍ਹੇ ਮੈਂ ਉਹਦੇ...ਜਸਵੰਤ ਕੰਵਲ ਦੇ...ਜੇ ਤੂੰ ਨਾ ਲਿਖੇਂਗਾ ਤਾਂ ਮੈਂ ਕੰਵਲ ਤੋਂ ਲਿਖਵਾਊਂਗਾ...ਜਦੋਂ ਮੈਂ ਇੰਡੀਆ ਆਇਆ ਤਾਂ ਕੰਵਲ ਦੇ ਪਿੰਡ ਜਾਊਂਗਾ...ਉਹਨੂੰ ਕਹੂੰ ਵਈ ਤੂੰ ਲਿਖ ਮੇਰਾ ਨਾਵਲ...ਤੇਰੀ ਚਾਚੀ ਦੀ ਤੇ ਮੇਰੀ ਪ੍ਰੀਤ ਦੀ ਕਹਾਣੀ...।"
ਮੈਂ ਇਹ ਦੱਸ ਦੇਵਾਂ ਕਿ ਮੈਂ ਇਹਨੂੰ 'ਚਾਚਾ' ਕਿਹੜੇ ਹਿਸਾਬ 'ਚ ਕਹਿੰਨਾ। ਜਿਹੜੇ ਮੇਰੇ ਮਿੱਤਰ ਨੇ ਮੈਨੂੰ ਇਹਦੇ ਨਾਲ ਮਿਲਵਾਇਆ ਹੈ, ਉਹਦਾ ਇਹ ਦੂਰੋ-ਨੇੜਿਓ ਚਾਚਾ ਲੱਗਦੈ। ਮਿੱਤਰ ਨੂੰ 'ਚਾਚਾ' ਕਹਿੰਦਾ ਦੇਖ ਕੇ ਮੈਂ ਵੀ 'ਚਾਚਾ' ਕਹਿਣ ਲੱਗਿਆ।
ਬਹੁਤ ਵੱਡਾ ਘਰ ਹੈ ਚਾਚੇ ਘੁੱਦੇ ਦਾ। ਰਹਿੰਦਾ ਇਕੱਲਾ। ਧੀਆਂ-ਪੁੱਤ ਦੂਰ ਨੇ। ਕੋਈ ਘੰਟੇ ਦੀ ਵਾਟ 'ਤੇ...ਕੋਈ ਦੋ ਘੰਟੇ ਦੀ ਵਾਟ 'ਤੇ। ਉਦੋਂ ਮਿਲਦੇ ਨੇ, ਜਦੋਂ ਚਾਚੇ ਦੇ ਕਿਸੇ ਦੋਹਤੇ-ਪੋਤੇ ਦਾ ਜਨਮ ਦਿਨ ਹੁੰਦਾ ਹੈ ਜਾਂ ਰਿਸ਼ਤੇਦਾਰੀ ਵਿੱਚ ਕੋਈ ਸੁੱਖ-ਦੁੱਖ ਦੀ ਰਸਮ ਹੋਵੇ। ਚਾਚਾ ਮਸਤ ਹੈ। ਡੱਕਾ ਫ਼ਿਕਰ ਨਹੀਂ। ਕਹਿੰਦਾ ਹੈ, ''ਆਏ ਦੀ ਖ਼ੁਸ਼ੀ ਨਹੀਂ...ਗਏ ਦਾ ਗ਼ਮ ਨਹੀਂ।"
ਵਲੈਤ ਵਿੱਚ ਅਜਿਹੇ ਵੱਡੇ ਘਰ ਟਾਵੇਂ ਲੋਕਾਂ ਕੋਲ ਹੀ ਹਨ, ਜਿਹੜੇ ਬਹੁਤ ਪੁਰਾਣੇ ਆਏ ਹੋਏ ਹਨ। ਹਰ ਕਿਸੇ ਕੋਲ ਅਜਿਹਾ ਵੱਡਾ ਤੇ ਸ਼ਾਨਦਾਰ ਘਰ ਨਹੀਂ, ਚਾਚੇ ਨੇ ਕੰਮ ਤੋਂ ਵੀ ਬਥੇਰਾ ਕਮਾਇਆ ਹੈ। ਹੁਣ ਪੈਨਸ਼ਨ ਮਿਲਦੀ ਹੈ। ਕੋਈ ਤੋਟ ਨਹੀਂ...ਚਾਚੀ ਵੇਲੇ ਤੋਂ ਪਹਿਲਾ ਈ ਮੁੱਕ ਗਈ।
ਚਾਚੀ ਦੇ ਗੁਜ਼ਰ ਜਾਣ ਦਾ ਚਾਚੇ ਨੂੰ ਭੋਰਾ ਜਿੰਨਾਂ ਝੋਰਾ ਨਹੀਂ ਸੀ। ਉਹ ਦੱਸਦਾ,''ਸਭ ਨੂੰ ਮੋਹ ਦਿੰਦੀ-ਲੈਂਦੀ ਰਹੀ ਆ...ਵਧੀਆ ਗਈ ਆ ਹੱਸਦੀ-ਖੇਡਦੀ...ਹਰੇ-ਭਰੇ ਬਾਗ ਪਰਿਵਾਰ 'ਚੋਂ...ਉਹਨੂੰ ਕਿਸੇ ਗੱਲੋਂ ਕਮੀਂ ਨਹੀਂ ਰਹੀ ਕਹਿੰਦੀ ਹੁੰਦੀ ਸੀ...ਪਿੰਡ ਕੋਠੀ ਪਾ ਦੇ...ਪਾ 'ਤੀ...ਜਦ ਜਦ ਵੀ ਕੋਈ ਟੂਮ-ਟੱਲਾ ਲੈਣ ਨੂੰ ਕਿਹਾ...ਲੈਤਾ...ਮਹਿੰਗੇ ਤੋਂ ਮਹਿੰਗਾ ਸੂਟ ਲੈਂਦੀ ਸੀ...ਰਿਸ਼ਤੇਦਾਰੀ 'ਚ ਜੋ ਮਰਜ਼ੀ ਦੇਵੇ-ਲਵੇ...ਏਹ ਉਹਦਾ ਕੰਮ ਸੀ...ਇੱਕ ਵੇਰਾਂ ਕਹਿੰਦੀ ਸੁਣਿਆ ਆਂ ਕਿ ਪੈਰਿਸ ਬਹੁਤ ਸੋਹਣਾ ਆਂ...ਮੈਂ ਘੁੰਮਣਾ ਆਂ...ਘੁੰਮਾਤਾ...ਇੱਕ ਵਾਰ ਕਿਹਾ ਕਿ ਵੱਡਾ ਘਰ ਲੈਣਾ ਆਂ...ਲੈਤਾ...ਦੇਖ ਕਿੱਡਾ ਵੱਡਾ ਘਰ ਆ...ਪਰ ਰਹਿਣਾ ਨਸੀਬ ਨਹੀਂ ਹੋਇਆ ਏਸ ਘਰ 'ਚ...ਤਿੰਨ ਸਾਲ ਈ ਰਹੀ...।"
''ਚਾਚਾ ਡਰ ਨ੍ਹੀ ਆਉਂਦਾ..ਐਡਾ ਘਰ...'ਕੱਲਾ ਬੰਦਾ...ਸਾਫ-ਸਫ਼ਾਈ...ਕਿੰਨਾ ਔਖਾ ਟਾਈਮ ਟਪਾਉਣਾ...?"
''ਡਰ ਕਾਹਦਾ ਆ...ਗਲਾਸੀ ਮਾਰੀਦੀ ਆ...ਮੌਜ ਨਾਲ...ਖਾ ਪੀ ਕੇ ਖਰਾਟੇ ਮਾਰੀਦੇ ਆ...ਫ਼ੋਨ ਬੰਦ ਕਰਕੇ ਸੌਈਂਦਾ ਆ...ਮਰਜ਼ੀ ਨਾਲ ਉਠੀਦਾ ਆ...ਸਾਫ਼-ਸਫ਼ਾਈ ਕਾਹਦੀ...ਜਦ ਐਥੈ ਗੰਦ ਈ ਨ੍ਹੀ ਪੈਂਦਾ...ਕਈ-ਕਈ ਕਮਰੇ ਤਾਂ ਕਈ ਮਹੀਨੇ ਬਾਅਦ ਖੋਲ੍ਹਦਾਂ ਤੇ ਝਾੜ-ਪੂੰਝ ਕੇ ਫਿਰ ਬੰਦ...ਦੇਖ ਕਿੱਦਾਂ ਮੇਰਾ ਘਰ ਭਰਿਆ-ਭਰਿਆ...ਕੋਈ ਹਿਸਾਬ-ਕਿਤਾਬ ਨ੍ਹੀ ਅੰਨ੍ਹੇ ਭਾਂਡੇ ਪਏ ਆ...ਮਹਿੰਗੀ ਤੋਂ ਮਹਿੰਗੀ ਕਰੌਕਰੀ...ਅਣਲੱਗ ਤੇ ਅਣਲੱਗ ਬਿਸਤਰੇ ਤੇ ਹੋਰ ਕੱਪੜੇ...।"
ਮੈਂ ਦੇਖਦਾ ਹਾਂ...ਪਿੰਡ ਵਾਲੀ ਆਪਣੀ ਗਰਲ-ਫਰੈਂਡ ਬਾਰੇ ਗੱਲਾਂ ਕਰਦੇ ਸਮੇਂ ਚਾਚੇ ਦੀਆਂ ਅੱਖਾਂ ਚਮਕ ਪੈਂਦੀਆ ਨੇ...ਉਹਦੇ ਬੁੱਲ੍ਹਾਂ 'ਤੇ ਝੱਗ ਦੀ ਕਿਣਮਿਣ ਵਧ ਜਾਂਦੀ ਹੈ। ਗੱਲ ਕਰਦੇ-ਕਰਦੇ ਸ਼ਬਦ ਥੁੜਨ ਲੱਗਦੇ ਨੇ। ਜਿਵੇਂ ਉਹ ਕਿਸੇ ਚਾਅ ਜਾਂ ਉਤਸ਼ਾਹ ਜਿਹੇ ਵਿੱਚ ਆ ਜਾਂਦਾ ਹੈ। ਮੈਂ ਚਾਹੁੰਨੈ ਕਿ ਚਾਚੇ ਤੋਂ ਉਸਦੀ ਇੰਡੀਆ ਵਾਲੀ ਫਰੈਂਡ ਬਾਰੇ ਵਧ ਤੋਂ ਵਧ ਗੱਲਾਂ ਸੁਣਾ।
ਮੈਂ ਪੁਛਦਾ ਹਾਂ,''ਕਦੋਂ ਕੁ ਦੀ ਜਾਣਦੀ ਤੈਨੂੰ...ਚਾਚੀ ਦੇ ਗੁਜ਼ਰ ਜਾਣ ਮਗਰੋਂ ਦੀ ਜਾਂ ਪਹਿਲਾਂ ਦੀ?"
''ਏਹ ਵੀ ਤੂੰ ਲਿਖੇਂਗਾ? ਲਿਖੀਂ-ਲਿਖੀਂ...ਬੇਸ਼ਕ ਲਿਖੀਂ...ਤੈਨੂੰ ਦੱਸਦਾਂ ਮੈਂ...ਚਾਹੇ ਮੈਂ ਜੱਟ ਆਂ ਤੇ ਉਹ ਨੀਵੀਂ ਜਾਤੀ ਦੀ ਆ...ਹੋਵੇ ਪਈ...ਮੈਨੂੰ ਕੀ...ਮੈਂ ਤਾਂ ਆਪਣੇ ਗੁਰੂਆਂ ਦਾ ਕਿਹਾ ਮੰਨਦਾ ਆਂ...ਮੈਂ ਜਾਤਾਂ-ਪਾਤਾਂ 'ਚ ਭੋਰਾ ਯਕੀਨ ਨ੍ਹੀ ਕਰਦਾ...ਤੈਨੂੰ ਦੱਸਾਂ ਮੈਂ...ਏਹ ਕੰਜਰ ਦੀ ਮੇਰੀ ਕਬੱਡੀ 'ਤੇ ਮਰਗੀ...ਮੇਰੀ ਸ਼ਾਨ 'ਤੇ...ਮੇਰੇ ਕੱਦ-ਬੁੱਤ 'ਤੇ...ਏਹ ਮੈਨੂੰ ਬਹੁਤ ਪੁਰਾਣੀ ਜਾਣਦੀ ਆ...ਸਾਡੇ ਉਦੋਂ ਏਹ ਕੰਮ ਕਰਦੀ ਸੀ...ਬੇਬੇ ਨੇ ਰੱਖੀ ਸੀ...ਬੇਬੇ ਕਹਿੰਦੀ ਹੁੰਦੀ ਸੀ ਕਿ ਏਹ ਬੜੀ ਚੰਗੀ ਕੁੜੀ ਆ...ਪਰ ਸੱਚ ਦੱਸਾਂ, ਮੇਰੀ ਉਦੋਂ ਏਹਦੇ ਨਾਲ ਫਰੈਂਡਸ਼ਿੱਪ ਨਹੀਂ ਸੀ...ਏਹ ਤਾਂ ਉਦੋਂ ਬਣੀ ਆਂ ਜਦ ਮੈਂ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਤੇ ਪੱਕਾ ਹੋ ਕੇ ਵਲੈਤੋਂ ਗਿਆ ਵਾਂ...ਏਹ ਸਹੁਰੀ ਉਹੋ-ਜਿਹੀ ਪਈ ਸੀ ਜਿਹੋ-ਜਿਹੀ ਖੁੰਬ ਅਰਗੀ ਛੱਡ ਕੇ ਗਿਆ ਸੀ...ਮੈਂ ਵਿਆਹ ਕਰੌਣ ਗਿਆ ਆਂ ਉਦੋਂ...ਚਾਰ ਮਹੀਨੇ ਰਿਹਾ...ਉਦੋਂ ਰਲਗੀ ਸੀਟੀ ਇੱਕ ਦਿਨ...ਸੱਚ ਦੱਸਾਂ ਔਖਾ ਮੈਂ ਵੀ ਸੀ...ਹੈਥੋਂ ਵੰਨ-ਸੁਵੰਨੀਆਂ ਗੋਰੀਆਂ 'ਚੋਂ ਗਿਆ ਸੀ...ਇੱਕ ਦਿਨ ਦੁਪਿਹਰਾਂ ਨੂੰ ਬੰਨ੍ਹਤਾ ਲਹਿਰਾ...ਫਿਰ...ਗੋਰੀਆਂ ਸਾਲ਼ੀਆਂ ਕੀ ਨੇ ਰਬੜ ਦੀਆਂ ਗੁੱਡੀਆਂ ਜਿਹੀਆਂ...ਏਹਦੀ ਤਾਂ ਗੱਲ ਈ ਹੋਰ ਸੀ...ਉਦੋਂ ਤਾਂ ਕਿਸੇ ਨੂੰ ਪਤਾ ਨ੍ਹੀ ਲੱਗਾ...ਵਿਆਹ ਕਰਵਾ ਕੇ ਮੁੜ ਆਇਆ ਸੀ ਮੈਂ...ਫੇਰ ਜਦੋਂ ਤੇਰੀ ਚਾਚੀ ਨੂੰ ਲੈਣ ਗਿਆ ਵਾਂ...ਛੇਆਂ ਮਹੀਨਿਆਂ ਬਾਅਦ...ਉਦੋਂ ਫੇਰ ਲਹਿਰੇ ਬੰਨ੍ਹੇ...ਘਰ ਸਾਰਿਆਂ ਨੂੰ ਪਤਾ ਲੱਗ ਗਿਆ...ਤੇਰੀ ਚਾਚੀ ਨੂੰ ਤਾਂ ਚੌਥੇ ਸਾਲ ਪਤਾ ਲੱਗਾ ਸੀ...ਇੱਕ ਦਿਨ ਫੋ:ਨ ਕਰਦਾ ਫੜ ਹੋ ਗਿਆ ਮੈਂ...ਤੇਰੀ ਚਾਚੀ ਸਾਰੀ ਉਮਰ ਰੋਂਦੀ ਰਹੀ ਆ ਵਈ ਕੁੱਤੀ ਮਜਬਣ ਮੇਰੇ ਹੱਡਾਂ 'ਚ ਬਹਿਗੀ...ਬੇੜਾ ਡੁਬਜੇ ਗਰਕਣੀ ਦਾ...ਤੇਰੀ ਚਾਚੀ ਮੈਨੂੰ ਕਹਿੰਦੀ ਰਹੀ ਆ...ਅਖੇ ਮੇਰੇ 'ਚ ਕਿਹੜੀ ਘਾਟ ਸੀ...ਤੂੰ ਗੰਦ ਨੂੰ ਮੂੰਹ ਮਾਰਦਾਂ...ਮੈਨੂੰ ਤੇਰਾ ਆਹਾ ਈ ਦੁੱਖ ਖਾ ਗਿਆ...ਕਿਹੜੀ ਜ਼ਨਾਨੀ ਬੰਦੇ ਨੂੰ ਪਾਸੇ ਜਾਂਦਾ ਦੇਖ ਕੇ ਸਬਰ ਕਰੂ...ਪਰ ਮੈਂ ਨ੍ਹੀ ਹਟਿਆ ਯਾਰ...।

ਰਿੰਕੂ ਸੈਣੀ

ਉਹਨਾਂ ਨੂੰ ਹੀ ਮੁਬਾਰਕ

ਤੰਨ ਤੰਨ ਢਕਣ ਨੂੰ ਕੱਪੜਾ,
 ਤੇ ਰਹਿਣ ਛੱਤ ਨਹੀਂ,
 ਦੁਨੀਆਂ ਤੋਂ ਛੁਪਿਆ,
 ਗਰੀਬੀ ਦਾ ਇਹ ਸੱਚ ਨਹੀਂ,
 ਜਿੰਨਾਂ ਕੋਲ਼ ਗਰੀਬ ਨੂੰ ਕਹਿਣ ਲਈ ਬਸ ਸੋਰੀ ਹੈ ਸੱਜਣਾ,
 ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…
 ਦੂੱਜਿਆ ਦਾ ਘਰ ਢਾਹ,
 ਆਪਣੇ ਬੰਗਲੇ ਉਸਾਰ ਲਏ,
 ਬੰਦੇ ਦੀ ਜਿੰਦਗੀ ਤੋਂ ਮਹਿੰਗੇ,
 ਕੁੱਤੇ ਘਰਾਂ 'ਚ ਜਿੰਨਾਂ ਪਾਲ ਲਏ,
 ਪੈਸਾ ਰੱਖਣ ਲਈ ਵੀ,
 ਜਿੰਨਾਂ ਕੋਲ ਜਮੀਨ ਥੌੜੀ ਹੈ ਸੱਜਣਾ ,
 ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ
 ਅਣਜੰਮੀਆਂ ਧੀਆਂ ਦੇ ਹੱਡ,
 ਕੁੱਤਿਆਂ ਨੇ ਨੋਚ ਖਾਧੇ ,
 ਪੁੱਤਾਂ ਦੀਆਂ ਖੁਸ਼ੀਆਂ ਵਿੱਚ,
 ਘਰ ਬੁਲਾਏ ਜਿੰਨਾਂ ਨੇ ਬੈਂਡ ਬਾਜੇ,
 ਪੁੱਤ ਜੰਨਮੇ ਤੇ ਜਿੰਨਾਂ ਦੀ ਛਾਤੀ ਹੁੰਦੀ ਚੋੜੀ ਹੈ ਸੱਜਣਾ,
 ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ

ਰਿੰਕੂ ਸੈਣੀ,ਫਰੀਦਕੋਟ

ਬਿਕਰਮਜੀਤ ਸਿੰਘ "ਜੀਤ"

ਅਪਣਾ ਘਰ 
ਅਪਣਾ ਘਰ ਤਾਂ ਅਪਣਾ ਘਰ ਹੈ, ਹਰ ਇਕ ਨੂੰ ਇਹ ਲੱਗੇ ਪਿਆਰਾ
ਗਗਨ ਚੁੰਮਦਾ ਮਹਿਲ ਦੁਮਹਿਲਾ, ਕੱਚੀ ਝੁੱਗੀ ਜਾਂ ਪੱਕਾ ਚੁਬਾਰਾ

ਅੱਤ ਰਮਣੀਕ ਲਗੇ ਇਹ ਮਨ ਨੂੰ, ਸ੍ਵਰਗ ਨਾਲੋਂ ਵੀ ਹੈ ਇਹ ਸੁੰਦਰ
ਅਣਖ ਇਹ ਸਾਡੀ ਉੱਚੀ ਸੁੱਚੀ, ਸੱਚ ਤੇ ਧਰਮ ਦਾ ਇਹ ਘਰ ਮੰਦਰ
...
ਵਾਤਾਵਰਣ ਸੁਕੂਨ ਦਾ ਭਰਿਆ, ਹੈ ਸੁੱਖ ਸਮ੍ਰਿਧੀ ਬਰਕਤ ਮਹਾਨ
ਇਸਤੇ ਗਰਵ ਕਰੇ ਹਰ ਕੋਈ, ਅਪਣਾ ਘਰ ਇਕ ਆਤਮ ਸਮਮਾਨ

ਨਾਲ ਮਾਣ ਦੇ ਵਿਚਰੀਏ ਇਥੇ, ਤੁਲ ਇਸਦੇ ਹੋਰ ਨਹੀਂ ਕੋਈ ਸ਼ਾਨ
ਹੋਰਥੇ ਮਿਲਦਾ ਆਦਰ ਵਧ ਚੜ੍ਹ, ਪਰ ਹੋਈਏ ਆਖਿਰ ਮਹਿਮਾਨ

ਸੱਤ ਸਮੁੰਦਰ ਤੇ ਦੇਸ਼ ਵਿਦੇਸ਼ੀਂ, ਗਾਹ ਲਈਏ ਅਸੀਂ ਬੇਸ਼ੱਕ ਜਾਕੇ
ਪਰ ਸੰਤੋਸ਼ ਅਸਲ ਘਰ ਮਿਲਦਾ, ਟਿੱਕਦੈ ਮਨ ਅਪਣੇ ਘਰ ਆਕੇ

"ਜੀਤ"ਹੋਵੇ ਅਪਣਾ ਘਰ ਐਸਾ, ਰਹਿਮਤ ਵਰਤੇ ਰੱਬ ਦੀ ਹਰਦਮ
ਵਿਸ਼ਵਾਸ ਪਿਆਰ ਤੇ ਖੁਸ਼ੀ ਦਾ ਭਰਿਆ, ਬੇਮਿਸਾਲ ਹੋਵੇ ਜੋ ਸੰਗਮ

ਬਿਕਰਮਜੀਤ ਸਿੰਘ "ਜੀਤ"
sethigem@yahoo.com


ਅੰਜਨਾ ਮੈਨਨ

ਤਿੰਨ ਬਾਂਦਰ  

ਬੁਰਾ ਮਤ ਸੁਣੋ

ਬੁਰਾ ਮਤ ਦੇਖੋ

ਬੁਰਾ ਮਤ ਬੋਲੋ .....

ਤਿੰਨੋ ਆਦਤਾਂ ਤਾਂ

ਬੰਦ ਕਰਦੀਆਂ ਨੇ

ਦਿਮਾਗ ਦੇ ਬੂਹੇ ਬਾਰੀਆਂ

ਤੇ ਮਨੁੱਖ

ਜਿਉਂਦਾ ਹੈ

ਲਾਸ਼ ਵਾਂਗ ...

ਤਾਂ

ਕਿੰਝ ਹੋਵੇਗਾ ਵਿਕਾਸ

ਪੱਥਰ ਯੱਗ ਤੋਂ

ਕੰਪਿਊਟਰ ਯੁੱਗ ਤੱਕ

ਅੱਖਾਂ, ਜੀਭ ਤੇ ਕੰਨ ਖੋਲ ਕੇ ਹੀ

ਪੁਜੇ ਹਾਂ

ਨਹੀਂ ਤਾਂ

ਬਾਂਦਰ ਹੀ ਰਹਿੰਦੇ

ਮਨੁੱਖ ਨਾ ਬਣਦੇ ...

ਅੰਜਨਾ ਮੈਨਨ
ਪੰਜਾਬੀ ਮਿਸਟ੍ਰੈਸ
ਸ.ਹ.ਸ.ਕਰਮਗੜ੍ਹ
9417029233

ਵਿਸ਼ਵ ਸਿੰਘ

ਡਿਗਰੀ

ਹੋ ਗਈ ਆ ਡਿਗਰੀ ਪੂਰੀ ਮੇਰੀ ਬਾਪੂ,
ਹੁਣ ਲੱਭਦਾ ਕੋਈ ਨੋਕਰੀ ਆਲਾ ਸੱਪ ਬਾਪੂ,
ਜਿਵੇ ਕਰ ਲਈ ਡਿਗਰੀ ਉਵੇ ਨੌਕਰੀ ਵੀ ਲੱਭ ਜਾਉਗੀ,
ਹੁਣ ਤੇਰਾ ਪੁੱਤ ਬਣੂਗਾ ਨੌਕਰੀ ਆਲਾ ਬਾਪੂ.


ਕੱਲ ਗਿਆ ਸੀ ਮੈਂ ਇੰਟਰਵਿਯੂ ਤੇ,
ਬੰਦੇ ਰੱਖਣੇ ਸੀ ਚਾਰ,
ਆਏ ਸੀ ਚਾਰ ਹਜਾਰ ਬਾਪੂ,
ਆ ਗਿਆ ਸੀ ਮੇਰੇ ਨੰਬਰ ਪਹਿਲੇ ਚਾਰਾਂ ਚ ਬਾਪੂ,
ਪਰ ਆਇਆ MLA ਦਾ ਫੋਨ ਰੱਖ ਲਿਆ ਉਹਦਾ ਸਾਲਾ ਬਾਪੂ,
ਦੱਸ ਹੁਣ ਕਿ ਪਾਉਗਾ ਮੁੱਲ ਮੇਰੀ ਡਿਗਰੀ ਦਾ ਬਾਪੂ,
ਜੇ ਚੱਲਦਾ ਰਿਹਾ ਏਦਾ ਹੀ ਘਾਲਾ ਮਾਲਾ ਬਾਪੂ.


ਕੱਲ ਫਿਰ ਗਿਆ ਸੀ ਮੈਂ ਇੰਟਰਵਿਯੂ ਤੇ,
ਦੇਖ ਕੇ ਮੇਰੇ ਸਰਟੀਫਿਕੇਟ ਸਾਰੇ,
ਕਹਿੰਦੇ ਤੂ ਨਹੀ ਕਾਬੀਲ ਸਾਡੇ ਵਿਯੂ ਦੇ,
ਦੱਸ ਹੁਣ ਕਿ ਕਰਾ ਇਸ ਕਾਗਜ਼ ਦਾ ਮੈਂ ਬਾਪੂ,
ਜੋ ਲਿਆ 5 ਲੱਖ ਕਿਵੇ ਮੋੜੂਗਾ
ਮੁੱਲ ਉਸਦਾ ਇਹ ਕਾਗਜ਼ ਬਾਪੂ,
ਮੈਨੂੰ ਲੱਗਦਾ ਵੱਟ ਤੇ ਕਹੀ
ਹੀ ਤਾਰੁਗੀ ਮੁੱਲ ਇਸਦਾ ਬਾਪੂ.

ਵਿਸ਼ਵ ਸਿੰਘ

ਹਰਮਨ ਸਿੰਘ

ਸਮਾਂ
ਸਮਾਂ
ਕਦੇ ਨਹੀਂ ਰੁਕਦਾ
ਪਰ ਕੁਛ ਥਾਵਾਂ
ਤੇ ਚੀਜ਼ਾਂ
ਐਸੀਆਂ ਵੀ ਹੁੰਦੀਆਂ ਨੇ
ਜੋ ਸਮੇਂ ਨੂੰ ਵੀ
ਰੋਕੀ ਰੱਖਦੀਆਂ ਨੇ ...
ਹਰ ਇੱਕ ਕੋਲ
ਵੇਖਣ ਵਾਲੀ ਅੱਖ ਨਹੀਂ ਹੁੰਦੀ
ਤਾਂ ਹੀ ਆਖ ਛੱਡਦੇ ਹਾਂ....
ਸਮਾਂ ਕਦੇ ਨਹੀਂ ਰੁਕਦਾ
ਹਰਮਨ ਸਿੰਘ

ਸ਼ਿਵਚਰਨ ਜੱਗੀ ਕੁੱਸਾ

ਢੰਗ ਜਾਂ ਡੰਗ?


ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜਿ਼ੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ??
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ
ਮੁਰਝਾਏ ਅਰਮਾਨਾਂ ਦੇ ਹੱਥ!
ਜਦ ‘ਝਾਂਜਰਾਂ ਵਾਲ਼ੀ’ ਦਾ
ਆਉਂਦਾ ਸੀ ਜਿ਼ਕਰ ਮੇਰੇ ਖਿ਼ਆਲਾਂ ਵਿਚ
ਤਾਂ ਅਜੀਬ ਸਕੂਨ ਮਿਲ਼ਦਾ ਸੀ
ਤੇ ਨਿਕਲ਼ਦੀ ਸੀ ਕੁਤਕੁਤੀ
ਧੁਰ ਰੂਹ ਵਿਚ
ਤੇ ਹੋ ਜਾਂਦਾ ਸੀ ਨਦਰ-ਨਿਹਾਲ!!
..
ਤੇ ਅੱਜ??
ਜਦ ‘ਉਸ’ ਦਾ ਜਿ਼ਕਰ ਆਉਂਦਾ ਹੈ
ਤਾਂ ਸੋਚੀਂ ਪੈ ਜਾਂਦਾ ਹਾਂ
ਕਿ ਮੇਰੀਆਂ ਸਧਰਾਂ ਨੂੰ
‘
ਪੀਸਣ’ ਵਾਲ਼ੀ ਤਾਂ ‘ਓਹੀ’ ਸੀ!
ਓਸ ਦੇ ਪਿਆਰ ਦਾ ‘ਢੰਗ’
ਕਿਸੇ ‘ਡੰਗ’ ਵਰਗਾ ਹੀ ਸੀ!!
ਸ਼ਿਵਚਰਨ 'ਜੱਗੀ ਕੁੱਸਾ' Ilford, Redbridge, United Kingdom 

ਗੁਰਜੀਤ ਜਟਾਣਾ

ਪਤਝੜ
ਮੇਰਾ ਦੁੱਖ ਤੇਰੇ ਲਈ ਪਤਝੜ
ਮੇਰਾ ਸੁੱਖ ਤੇਰੇ ਲਈ ਬਹਾਰ
ਮੈਨੂੰ ਵੱਖਰਾ ਹੀ ਆਨੰਦ ਦੇ ਕੇ
ਮਨ ਨੂੰ ਵੱਖਰੀ ਤਰੰਗ ਦੇ ਕੇ
ਆਪ ਤਾਂ ਤੂੰ ਤੁਰਗੀ ਏ
ਫਿਰ ਮਨਾਂ ਮੇਰਿਆਂ ਤੇ ਛਾਵੇਂ ਛਾ ਗਏ
ਖੁਸ਼ਕ ਬੁੱਲੇ
ਤੇ ਪਤਝੜ ਦੀ ਰੁੱਤ ਸ਼ਾਵੀਂ .

ਗੁਰਜੀਤ ਜਟਾਣਾ 9855046647

ਡਾ. ਮਨੀ ਮਹਿਰਾਜ

ਅਜ਼ਾਦ ਪੰਛੀ 

ਸਾਡੀ ਦੋਸਤੀ ਵਿੱਚ
ਉਸਨੂੰ ਸ਼ਾਇਦ ਘੁਟਣ ਸੀ ਏਨੀ
ਕਿ ਉਹ ਸਹਿ ਨਾ ਸਕੀ
ਉਸਦੇ ਦਿਲ ਵਿੱਚ ਕੀ ਕੁਝ ਸੀ
ਸਾਨੂੰ ਬੋਲ ਕੇ ਕਹਿ ਨਾ ਸਕੀ
ਉਹ ਇੱਕ ਅਸੀਮ ਅੰਬਰ ਸੀ
ਸਾਡੇ ਦਿਲ 'ਚ ਸੀਮਤ ਰਹਿ ਨਾ ਸਕੀ
ਤਮੰਨਾ ਤਾਂ ਉਹਦੀ ਵੀ ਸੀ ਕਿ
ਸਾਡਾ ਸਾਥ ਨਿਭਦਾ
ਪਰ ਕੀ ਕਰਦੀ
ਇੱਕ ਅਜ਼ਾਦ ਪੰਛੀ ਸੀ
ਉੱਡਣ ਬਿਨ ਰਹਿ ਨਾ ਸਕੀ .....

ਮਨੀ ਮਹਿਰਾਜ  9464478988
email: mani.gabru3@gmail.com
ee